Punjab New IT Policy: ਪੰਜਾਬ ਦੇ ਆਈਟੀ ਪੇਸ਼ੇਵਰਾਂ ਲਈ ਖੁਸ਼ਖਬਰੀ ਹੈ। ਜਲਦ ਹੀ ਸੂਬੇ ਅੰਦਰ 55 ਹਜ਼ਾਰ ਆਈਟੀ ਪੇਸ਼ੇਵਰਾਂ ਨੂੰ ਨੌਕਰੀ ਮਿਲੇਗੀ। ਇਹ ਦਾਅਵਾ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਅੰਦਰ ਜਲਦ ਹੀ ਨਵੀਂ ਆਈਟੀ (ਸੂਚਨਾ ਤਕਨਾਲੋਜੀ) ਪਾਲਿਸੀ ਲਾਗੂ ਕੀਤੀ ਜਾ ਰਹੀ ਹੈ। ਇਸ ਨਾਲ ਸੂਬੇ ਅੰਦਰ ਸੂਚਨਾ ਤਕਨਾਲੋਜੀ ਕ੍ਰਾਂਤੀ ਆਏਗੀ।
ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਪੰਜਾਬ ਵਿਜ਼ਨ-2047 ਦੌਰਾਨ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦ ਹੀ ਨਵੀਂ ਆਈਟੀ (ਸੂਚਨਾ ਤਕਨਾਲੋਜੀ) ਪਾਲਿਸੀ ਲਾਗੂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਉਦਯੋਗਾਂ ਦੇ ਵਿਕਾਸ ਲਈ ਪੂਰੀ ਗੰਭੀਰਤਾ ਤੇ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਉਦਯੋਗ ਪੱਖੀ ਨੀਤੀਆਂ ਕਾਰਨ ਪੰਜਾਬ ਦਾ ਉਦਯੋਗਿਕ ਖੇਤਰ ਜਲਦੀ ਹੀ ਦੁੱਗਣਾ-ਚੌਗੁਣਾ ਵਿਕਾਸ ਕਰੇਗਾ।
ਪੰਜਾਬ ਵਿਜ਼ਨ-2047 ਦੌਰਾਨ ਉਨ੍ਹਾਂ ਕਿਹਾ ਕਿ ਜਲਦ ਹੀ ਪੰਜਾਬ ਦੀ ਨਵੀਂ ਆਈਟੀ ਨੀਤੀ ਨੂੰ ਲਾਗੂ ਕਰਨ ਦੀ ਯੋਜਨਾ ਹੈ। ਇਸ ਤਹਿਤ ਮੁਹਾਲੀ ਉੱਤਰੀ ਭਾਰਤ ਦੇ ਨਵੇਂ ਆਈਟੀ ਹੱਬ ਵਜੋਂ ਉਭਰੇਗਾ। ਇਸ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਲਗਪਗ 55 ਹਜ਼ਾਰ ਆਈਟੀ ਪੇਸ਼ੇਵਰਾਂ ਨੂੰ ਨੌਕਰੀ ਦੇ ਮੌਕੇ ਮਿਲਣਗੇ।
ਸੌਂਦ ਨੇ ਕਿਹਾ ਕਿ ਹਾਲ ਹੀ ਵਿੱਚ ਕਈ ਆਈਟੀ ਕੰਪਨੀਆਂ ਦੇ ਨੁਮਾਇੰਦਿਆਂ ਤੇ ਟੀਮਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਹੈ ਤੇ ਪੰਜਾਬ ਖਾਸ ਕਰਕੇ ਮੁਹਾਲੀ ਵਿੱਚ ਕੰਪਨੀਆਂ ਸਥਾਪਤ ਕਰਨ ਵਿੱਚ ਦਿਲਚਸਪੀ ਦਿਖਾਈ ਹੈ। ਸੌਂਦ ਨੇ ਕਿਹਾ ਕਿ ਪੰਜਾਬ ਨੂੰ ਕੌਮੀ ਉਦਯੋਗਿਕ ਨਕਸ਼ੇ ਵਿੱਚ ਮੋਹਰੀ ਬਣਾਉਣ ਲਈ ਪਹਿਲੇ ਪੜਾਅ ਵਿੱਚ 5 ਸ਼ਹਿਰਾਂ ਦੇ ਫੋਕਲ ਪੁਆਇੰਟਾਂ ਨੂੰ ਰੋਲ ਮਾਡਲ ਵਜੋਂ ਵਿਕਸਤ ਕਰਨ ਦੀ ਤਜਵੀਜ਼ ਹੈ।