Canada News: ਭਾਰਤ ਤੋਂ ਬਾਅਦ ਕੈਨੇਡਾ 'ਚ ਖਾਲਿਸਤਾਨ ਸਮਰਥਕ ਕਥਿਤ ਤੌਰ 'ਤੇ ਗੋਰਿਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਖਾਲਿਸਤਾਨੀਆਂ ਦੀਆਂ ਰੈਲੀਆਂ ਵਿੱਚ ਭਾਰਤ ਵਿਰੋਧੀ ਨਾਅਰੇਬਾਜ਼ੀ ਆਮ ਗੱਲ ਹੈ ਪਰ ਹੁਣ ਇੱਕ ਨਵੀਂ ਵੀਡੀਓ ਵਿੱਚ ਖਾਲਿਸਤਾਨੀ ਗੋਰਿਆਂ ਨੂੰ ਵੀ ਯੂਰਪ ਵਾਪਸ ਜਾਣ ਲਈ ਕਹਿ ਰਹੇ ਹਨ। ਅਜਿਹੀਆਂ ਗੱਲਾਂ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਖਾਲਿਸਤਾਨੀ ਸਮਰਥਕਾਂ ਦੀ ਰੈਲੀ ਦੌਰਾਨ ਵਾਇਰਲ ਹੋਈ ਇੱਕ ਅਪ੍ਰਮਾਣਿਤ ਵੀਡੀਓ ਵਿੱਚ ਕਹੀਆਂ ਗਈਆਂ ਹਨ।
ਕੈਨੇਡੀਅਨ ਪੱਤਰਕਾਰ ਡੇਨੀਅਲ ਬੋਰਡਮੈਨ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸੈਂਕੜੇ ਲੋਕ ਖਾਲਿਸਤਾਨੀ ਝੰਡੇ ਨਾਲ ਨਜ਼ਰ ਆ ਰਹੇ ਹਨ। ਇੱਕ ਵਿਅਕਤੀ ਇਸ ਸਾਰੀ ਰੈਲੀ ਦੀ ਵੀਡੀਓ ਬਣਾ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਅਸੀਂ ਕੈਨੇਡਾ ਦਾ ਮਾਲਕ ਹਾਂ ਤੇ ਸਾਨੂੰ ਕੈਨੇਡੀਅਨ ਹੋਣ 'ਤੇ ਮਾਣ ਹੈ। ਗੋਰਿਆਂ ਨੂੰ ਯੂਰਪ ਅਤੇ ਇਜ਼ਰਾਈਲ ਵਾਪਸ ਜਾਣਾ ਚਾਹੀਦਾ ਹੈ ਕਿਉਂਕਿ ਉਹ ਅਸਲ ਕੈਨੇਡੀਅਨ ਨਹੀਂ ਹਨ ਪਰ ਕੈਨੇਡਾ ਉੱਤੇ ਸਾਡਾ ਹੱਕ ਹੈ।
ਵੀਡੀਓ ਸ਼ੇਅਰ ਕਰਦੇ ਹੋਏ ਡੇਨੀਅਲ ਬੋਰਡਮੈਨ ਨੇ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਕੈਨੇਡਾ ਸਰਕਾਰ 'ਤੇ ਸਖ਼ਤ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਪੁੱਛਿਆ ਹੈ ਕਿ ਅਜਿਹੇ ਮਾਰਚ ਕੱਢਣ ਦੀ ਇਜਾਜ਼ਤ ਕਿਵੇਂ ਦਿੱਤੀ ਜਾ ਰਹੀ ਹੈ। ਅਸੀਂ ਵਿਦੇਸ਼ ਨੀਤੀ 'ਤੇ ਇਸ ਦੇ ਪ੍ਰਭਾਵ ਨੂੰ ਕਿਵੇਂ ਅੱਖੋਂ ਪਰੋਖੇ ਕਰ ਰਹੇ ਹਾਂ? ਕੀ ਇਹ ਵਿਦੇਸ਼ ਨੀਤੀ ਲਈ ਖ਼ਤਰਨਾਕ ਸਥਿਤੀ ਪੈਦਾ ਨਹੀਂ ਕਰੇਗਾ?
ਇਸ ਤੋਂ ਪਹਿਲਾਂ ਵੀ ਬੋਰਡਮੈਨ ਖਾਲਿਸਤਾਨ ਦੇ ਮੁੱਦੇ 'ਤੇ ਜਸਟਿਨ ਟਰੂਡੋ ਨੂੰ ਘੇਰਦੇ ਰਹੇ ਹਨ। ਹਾਲ ਹੀ ਵਿੱਚ ਉਨ੍ਹਾਂ ਕਿਹਾ ਕਿ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਸਰਕਾਰ ਨੂੰ ਕੈਨੇਡਾ ਦੀ ਸੁਰੱਖਿਆ ਦੀ ਕੋਈ ਪ੍ਰਵਾਹ ਨਹੀਂ ਹੈ। ਕੱਟੜਪੰਥੀ ਗਤੀਵਿਧੀਆਂ ਦੇਸ਼ ਭਰ ਦੇ ਭਾਈਚਾਰਿਆਂ ਨੂੰ ਲਗਾਤਾਰ ਖ਼ਤਰੇ ਵਿੱਚ ਪਾ ਰਹੀਆਂ ਹਨ। ਸਾਡੀਆਂ ਸੜਕਾਂ 'ਤੇ ਜਿਸ ਤਰ੍ਹਾਂ ਦੇ ਮਾਰਚ ਹੋਏ ਹਨ, ਉਹ ਡਰਾਉਣੇ ਹਨ। ਕਾਨੂੰਨ ਦੀ ਪਾਲਣਾ ਕਰਨ ਵਾਲੇ ਕੈਨੇਡੀਅਨਾਂ ਨਾਲ ਅਪਰਾਧੀਆਂ ਵਾਂਗ ਵਿਵਹਾਰ ਕੀਤਾ ਜਾ ਰਿਹਾ ਹੈ।