ਰੌਬਟ
ਚੰਡੀਗੜ੍ਹ: ਅੱਜ ਪੰਜਾਬ ਵਿੱਚ ਸੂਬਾ ਸਰਕਾਰ ਵੱਲੋਂ ਲਾਏ ਗਏ ਕਰਫਿਊ ਦਾ 5ਵਾਂ ਦਿਨ ਹੈ ਤੇ ਦੇਸ਼ ਵਿਆਪੀ ਤਾਲਾਬੰਦੀ ਦਾ ਤੀਜਾ ਦਿਨ। ਇਸ ਕਾਰਨ ਰਾਜ ਦੇ ਵੱਖ-ਵੱਖ ਸ਼ਹਿਰਾਂ ਦੀਆਂ ਸੜਕਾਂ 'ਤੇ ਚੁੱਪ ਛਾਈ ਰਹੀ। ਇੱਕਾ-ਦੁੱਕਾ ਵਾਹਨ ਹੀ ਸੜਕਾਂ 'ਤੇ ਦਿਖਾਈ ਦਿੱਤੇ। ਸੜਕਾਂ ਤੇ ਜਾਂ ਤਾਂ ਪੁਲਿਸ ਜਾਂ ਉਹ ਲੋਕ ਸਨ ਜੋ ਜ਼ਰੂਰੀ ਸਾਮਾਨ ਲੈਣ ਲਈ ਬਾਹਰ ਆਏ ਸਨ। ਬੇਲੋੜੇ ਬਾਹਰ ਆਉਣ ਤੋਂ ਪ੍ਰਹੇਜ ਕਰ ਰਹੇ ਹਨ ਕਿਉਂਕਿ ਪੰਜਾਬ ਪੁਲਿਸ ਲੋਕਾਂ 'ਤੇ ਸਖਤੀ ਵੀ ਦਿਖਾ ਰਹੀ ਹੈ।
ਪੰਜਾਬ ਵਿੱਚ ਮਾਰਚ ਦੇ ਮਹੀਨੇ ਵਿੱਚ ਲਗਪਗ 94 ਹਜ਼ਾਰ ਐਨਆਈਆਰ ਵਿਦੇਸ਼ ਯਾਤਰਾ ਕਰਕੇ ਵਾਪਸ ਪਰਤੇ ਹਨ। ਇਨ੍ਹਾਂ ਵਿੱਚੋਂ ਲਗਪਗ 30 ਹਜ਼ਾਰ ਲੋਕਾਂ ਦਾ ਪਤਾ ਲਾਇਆ ਗਿਆ ਹੈ। ਇਨ੍ਹਾਂ ਨੂੰ ਰਾਜ ਸਰਕਾਰ ਨੇ ਸਵੈ-ਇਕੱਲਤਾ ਲਈ ਭੇਜਿਆ ਹੈ। ਇਸ ਦੇ ਨਾਲ ਹੀ ਬਾਕੀ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਰਾਜ ਵਿਚ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 38 ਤੱਕ ਪਹੁੰਚ ਗਈ ਹੈ। ਚੰਡੀਗੜ੍ਹ ਵਿੱਚ ਵਾਇਰਸ ਦੇ ਸੱਤ ਮਾਮਲੇ ਸਾਹਮਣੇ ਆਏ ਹਨ। ਉਸੇ ਸਮੇਂ ਨਵਾਂਸ਼ਹਿਰ ਵਿੱਚ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋਈ ਹੈ।
ਜ਼ਰੂਰੀ ਸਾਮਾਨ ਸਪਲਾਈ ਕਰਨ ਲਈ ਪਾਸ ਜਾਰੀ ਕੀਤੇ ਜਾ ਰਹੇ ਹਨ
ਕਰਫਿਊ ਦੌਰਾਨ ਲੋਕਾਂ ਨੂੰ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣ ਲਈ ਜੋਮਾਟੋ, ਸਵਿਗੀ, ਵੇਰਕਾ, ਅਮੂਲ, ਮੰਡੀ ਪ੍ਰਧਾਨਾਂ ਤੇ ਕੈਮਿਸਟ ਐਸੋਸੀਏਸ਼ਨਾਂ ਨਾਲ ਤਾਲਮੇਲ ਕਰ ਸਪਲਾਈ ਕੀਤੀ ਜਾ ਰਹੀ ਹੈ। ਡੀਜੀਪੀ ਦਿਨਕਰ ਗੁਪਤਾ ਅਨੁਸਾਰ ਵਿਕਰੇਤਾਵਾਂ ਨੂੰ ਪਾਸ ਜਾਰੀ ਕੀਤੇ ਜਾ ਰਹੇ ਹਨ।
ਸਵਿਗੀ ਦੇ 650 ਲੋਕ ਅੰਮ੍ਰਿਤਸਰ 'ਚ ਕਰ ਰਹੇ ਕੰਮ
ਸਵਿਗੀ ਦੇ 650 ਲੋਕ ਅੰਮ੍ਰਿਤਸਰ ਤੇ ਲੁਧਿਆਣਾ ਵਿੱਚ ਮਦਦ ਕਰ ਰਹੇ ਹਨ। ਫੋਨ ਤੇ ਆਰਡਰ ਲੈ ਕੇ ਦਵਾਈਆਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਪੁਲਿਸ ਸੋਸ਼ਲ ਮੀਡੀਆ ਦੀ ਵੀ ਮਦਦ ਲੈ ਰਹੀ ਹੈ। ਟਵੀਟ ਕਰਨ ਤੋਂ ਬਾਅਦ ਸ਼ੁਗਰ ਦੀਆਂ ਦਵਾਈਆਂ ਜਲੰਧਰ ਦੇ ਇੱਕ ਪਰਿਵਾਰ ਨੂੰ ਉਪਲਬਧ ਕਰਵਾਈਆਂ ਗਈਆਂ। ਲੁਧਿਆਣਾ ਜ਼ਿਲੇ ਦੇ ਖੰਨਾ ਕਸਬੇ ਅਤੇ ਆਸ ਪਾਸ ਵਟਸਐਪ ਸਮੂਹਾਂ ਦੀ ਮਦਦ ਲਈ ਜਾ ਰਹੀ ਹੈ।
ਅੰਮ੍ਰਿਤਸਰ ਵਿੱਚ ਮਿਲਕ ਪਲਾਂਟ ਵੇਰਕਾ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੇ 700 ਵਿਕਰੇਤਾ ਵੀ ਅੰਮ੍ਰਿਤਸਰ ਵਿੱਚ ਘਰ-ਘਰ ਜਾ ਕੇ ਦੁੱਧ ਦੀ ਸਪਲਾਈ ਕਰਨਗੇ। ਅੰਮ੍ਰਿਤਸਰ ਵਿੱਚ ਫਲ ਤੇ ਸਬਜ਼ੀਆਂ ਲਈ ਸਬਜ਼ੀ ਮੰਡੀ ਦੇ 200 ਵਿਕਰੇਤਾ ਮਦਦ ਕਰ ਰਹੇ ਹਨ। 100 ਹੋਰ ਵਿਕਰੇਤਾ ਮਦਦ ਕਰਨਗੇ। ਇਸ ਦੇ ਨਾਲ ਹੀ ਬਠਿੰਡਾ, ਮੁਕਤਸਰ, ਪਟਿਆਲਾ, ਸੰਗਰੂਰ, ਬਰਨਾਲਾ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਹੋਰ ਜ਼ਿਲ੍ਹਿਆਂ ਵਿੱਚ ਮੁਹੱਲਾ ਤੋਂ ਆਡਰ ਲੈ ਕੇ ਸਪਲਾਈ ਕੀਤੀ ਜਾ ਰਹੀ ਹੈ। ਕੁਝ ਚੋਣਵੇਂ ਸਟੋਰਾਂ ਤੇ ਹੋਮ ਡਿਲਿਵਰੀ ਲਈ ਪਾਸ ਜਾਰੀ ਕੀਤੇ ਗਏ ਹਨ।
ਪੰਜਾਬ ਦੇ ਨੌਜਵਾਨਾਂ ਨੂੰ ਅਪੀਲ
ਪੰਜਾਬ ਦੇ ਡੀਜੀਪੀ ਨੇ ਯੂਟਿਊਬ ‘ਤੇ ਭੇਜੇ ਇੱਕ ਸੰਦੇਸ਼ ਵਿੱਚ ਨੌਜਵਾਨਾਂ ਨੂੰ ਕੋਰੋਨਾ ਤੋਂ ਬਚਾਅ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਸੋਸ਼ਲ ਮੀਡੀਆ ‘ਤੇ ਉਪਾਅ ਭੇਜਣ ਦੀ ਅਪੀਲ ਕੀਤੀ ਹੈ। ਪੁਲਿਸ ਜਵਾਨਾਂ ਵਲੋਂ ਪਾਏ ਗਏ ਭੰਗੜੇ ਅਤੇ ਬੋਲੀਆਂ ਨੇ ਲੋਕਾਂ ਨੂੰ ਕੋਰੋਨਾਵਾਇਰਸ ਨਾਲ ਜਾਣੂ ਕਰਵਾਇਆ ਸੀ।ਜਿਸ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸਮਰਥਨ ਮਿਲਿਆ।
ਸੰਗਰੂਰ 'ਚ 100 ਟਰੈਕਟਰ-ਟਰਾਲੀਆਂ ਢੋਅ ਰਹੇ ਸਾਮਾਨ
ਸੰਗਰੂਰ ਵਿੱਚ ਡੀਸੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਰਾਸ਼ਨ ਸਮੱਗਰੀ ਤੇ ਦਵਾਈਆਂ ਦੀ ਮੰਗ ਨੂੰ ਪੂਰਾ ਕਰਨ ਲਈ 100 ਟਰੈਕਟਰ-ਟਰਾਲੀਆਂ ਤੇ 25 ਹੋਰ ਵਾਹਨ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਲਗਾਏ ਜਾਣਗੇ। ਇਸ ਦੇ ਲਈ ਜ਼ਿਲ੍ਹਾ ਪੱਧਰ 'ਤੇ ਹੈਲਪਲਾਈਨ ਨੰਬਰ ਮੁਹੱਈਆ ਕਰਵਾਏ ਗਏ ਹਨ।