ਅਮਰੀਕਾ ਦਾ ਸੁਫਨਾ ਲੈ ਕੇ ਘਰੋਂ ਨਿਕਲੇ ਪੰਜਾਬੀ ਰੁਲੇ
ਏਬੀਪੀ ਸਾਂਝਾ | 26 Jun 2018 02:36 PM (IST)
ਚੰਡੀਗੜ੍ਹ: ਪੰਜਾਬ ਦੇ ਛੇ ਪਰਿਵਾਰਾਂ ਨੇ ਦਾਅਵਾ ਕੀਤਾ ਹੈ ਕਿ ਤਕਰੀਬਨ ਸਾਲ ਪਹਿਲਾਂ ਦੋ ਟਰੈਵਲ ਏਜੰਟਾਂ ਰਾਹੀਂ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਪੁੱਜਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਦੇ ਬੱਚੇ ਲਾਪਤਾ ਹੋ ਗਏ ਹਨ। ਇਨ੍ਹਾਂ ਨੌਜਵਾਨਾਂ ਨੂੰ ਕਥਿਤ ਤੌਰ ’ਤੇ 27 ਮਈ, 2017 ਨੂੰ ਭਾਰਤ ਤੋਂ ਬਹਾਮਾਸ ਲਿਜਾਇਆ ਗਿਆ ਸੀ। ਉੱਥੋਂ ਟਰੈਵਲ ਏਜੰਟ ਉਨ੍ਹਾਂ ਨੂੰ ਫ੍ਰੀਪੋਰਟ ਤੱਕ ਪਹੁੰਚਾਉਣ ਵਿੱਚ ਕਾਮਯਾਬ ਹੋ ਗਏ ਸਨ। ਉੱਥੇ ਪਹੁੰਚਣ ਤੋਂ ਬਾਅਦ ਉਹ ਭੇਤਭਰੇ ਢੰਗ ਨਾਲ ਲਾਪਤਾ ਹੋ ਗਏ। ਉਨ੍ਹਾਂ ਦਾ ਕੋਈ ਖੁਰਾ ਖੋਜ ਨਹੀਂ ਲੱਭ ਰਿਹਾ ਤੇ ਏਜੰਟਾਂ ਨੇ ਵੀ ਪੱਲਾ ਝਾੜ ਦਿੱਤਾ ਹੈ। ਇਨ੍ਹਾਂ ਨੌਜਵਾਨਾਂ ਵਿੱਚ ਮੁਕੇਰੀਆਂ ਨੇੜਲੇ ਪਿੰਡ ਪੁਰੀਕਾ ਦਾ ਸਰਬਜੀਤ ਸਿੰਘ, ਮੁਕੇਰੀਆਂ ਵਾਸੀ ਇੰਦਰਜੀਤ ਸਿੰਘ, 30 ਸਾਲਾ ਜਸਵਿੰਦਰ ਸਿੰਘ ਜੋ ਬੱਚੀ ਦਾ ਬਾਪ ਹੈ, ਗੁਰਦਾਸਪੁਰ ਜ਼ਿਲ੍ਹੇ ਵਿੱਚ ਬਿਆਨਪੁਰ ਪਿੰਡ ਦਾ ਵਸਨੀਕ ਅਮਨਦੀਪ ਸਿੰਘ, ਭੁਲੱਥ ਨੇੜਲੇ ਮਾਨਾਂ ਤਲਵੰਡੀ ਦਾ ਨਵਦੀਪ ਸਿੰਘ ਤੇ ਕਪੂਰਥਲਾ ਜ਼ਿਲ੍ਹੇ ਦੇ ਭੰਡਾਲ ਦੋਨਾ ਦਾ ਵਾਸੀ ਜਸਪ੍ਰੀਤ ਸਿੰਘ ਸ਼ਾਮਲ ਹਨ। ਜਸਵਿੰਦਰ ਨੂੰ ਛੱਡ ਕੇ ਬਾਕੀ ਪੰਜ ਨੌਜਵਾਨਾਂ ਦੀ ਉਮਰ 21 ਤੋਂ 23 ਸਾਲਾਂ ਵਿਚਕਾਰ ਹੈ। ਇਨ੍ਹਾਂ ਮੁੰਡਿਆਂ ਨਾਲ ਆਖਰੀ ਵਾਰ 2 ਅਗਸਤ 2017 ਨੂੰ ਬਹਾਮਾਸ ਨੇੜਲੇ ਫ੍ਰੀਪੋਰਟ ਟਾਪੂ ਤੋਂ ਫੋਨ ’ਤੇ ਗੱਲ ਹੋਈ ਸੀ। ਉੁਸ ਤੋਂ ਬਾਅਦ ਉਨ੍ਹਾਂ ਨਾਲ ਰਾਬਤਾ ਖਤਮ ਹੋ ਗਿਆ ਸੀ। ਉਨ੍ਹਾਂ ਨੂੰ ਭਿਜਵਾਉਣ ਵਾਲੇ ਟਰੈਵਲ ਏਜੰਟ ਵੀ ਰੂਪੋਸ਼ ਹੋ ਗਏ ਜਦਕਿ ਪਹਿਲਾਂ ਉਹੀ ਏਜੰਟ ਸਬੰਧਤ ਪਰਿਵਾਰਾਂ ਨੂੰ ਭਰੋਸਾ ਦਿੰਦੇ ਰਹਿੰਦੇ ਸਨ ਕਿ ਉਨ੍ਹਾਂ ਦੇ ਮੁੰਡੇ ਸਹੀ ਸਲਾਮਤ ਅਮਰੀਕਾ ਪਹੁੰਚ ਗਏ ਹਨ। ਲੰਮੀ ਉਡੀਕ ਤੋਂ ਬਾਅਦ ਪੀੜਤ ਪਰਿਵਾਰਾਂ ਵੱਲੋਂ ਲੰਘੀ 7 ਨਵੰਬਰ 2017 ਨੂੰ ਐਫਆਈਆਰ ਦਰਜ ਕਰਾਉਣ ਤੋਂ ਬਾਅਦ ਦੋ ਏਜੰਟ ਸੁਖਵਿੰਦਰ ਤੇ ਨਿੱਕਾ ਫ਼ਰਾਰ ਹੋ ਗਏ ਤੇ ਸੁਪਰੀਮ ਕੋਰਟ ਉਨ੍ਹਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ ਚੁੱਕੀ ਹੈ। ਇਨ੍ਹਾਂ ਪਰਿਵਾਰਾਂ ਨੇ ਆਪਣੇ ਫਰਜ਼ੰਦਾਂ ਨੂੰ ਅਮਰੀਕਾ ਦੀ ਧਰਤੀ ’ਤੇ ਭੇਜਣ ਲਈ ਟਰੈਵਲ ਏਜੰਟਾਂ ਨੂੰ 12 ਲੱਖ ਰੁਪਏ ਤੋਂ ਲੈ ਕੇ 35 ਲੱਖ ਰੁਪਏ ਤੱਕ ਅਦਾਇਗੀ ਕੀਤੀ ਸੀ।