Punjab News: ਪੰਜਾਬ ਵਿੱਚ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਕੱਲ੍ਹ ਸ਼ੁੱਕਰਵਾਰ ਨੂੰ ਖ਼ਤਮ ਹੋ ਗਈ। ਸੂਬੇ ਦੀਆਂ 4 ਵਿਧਾਨ ਸਭਾ ਸੀਟਾਂ ਡੇਰਾ ਬਾਬਾ ਨਾਨਕ, ਚੱਬੇਵਾਲ, ਗਿੱਦੜਬਾਹਾ ਅਤੇ ਬਰਨਾਲਾ 'ਤੇ 13 ਨਵੰਬਰ ਨੂੰ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। 7 ਦਿਨਾਂ ਤੱਕ ਚੱਲੀ ਨਾਮਜ਼ਦਗੀ ਪ੍ਰਕਿਰਿਆ ਵਿੱਚ ਕੁੱਲ 60 ਉਮੀਦਵਾਰਾਂ ਨੇ 67 ਹਲਫ਼ਨਾਮੇ ਦਾਖ਼ਲ ਕੀਤੇ।
25 ਅਕਤੂਬਰ ਨੂੰ ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਲੰਘ ਜਾਣ ਤੋਂ ਬਾਅਦ ਹੁਣ 28 ਅਕਤੂਬਰ ਨੂੰ ਪੜਤਾਲ ਹੋਵੇਗੀ। ਪੜਤਾਲ ਕਮੇਟੀ 28 ਤਰੀਕ ਨੂੰ ਦਾਇਰ ਦਸਤਾਵੇਜ਼ਾਂ ਦੀ ਜਾਂਚ ਕਰੇਗੀ। ਉਮੀਦਵਾਰ 30 ਅਕਤੂਬਰ ਤੱਕ ਆਪਣੇ ਨਾਮ ਵਾਪਸ ਲੈ ਸਕਦੇ ਹਨ। ਇਨ੍ਹਾਂ ਚਾਰਾਂ ਸੀਟਾਂ 'ਤੇ ਕੁੱਲ ਵੋਟਰਾਂ ਦੀ ਗਿਣਤੀ 6,96,316 ਹੈ ਅਤੇ 831 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਗਿੱਦੜਬਾਹਾ, ਚੱਬੇਵਾਲ, ਬਰਨਾਲਾ ਅਤੇ ਡੇਰਾ ਬਾਬਾ ਨਾਨਕ ਲਈ ਵੀ ਸਬੰਧਤ ਜ਼ਿਲ੍ਹਿਆਂ ਵਿੱਚ ਯੋਗ ਅਧਿਕਾਰੀ ਨਿਯੁਕਤ ਕੀਤੇ ਗਏ ਹਨ।
ਗਿੱਦੜਬਾਹਾ ਵਿੱਚ ਸਭ ਤੋਂ ਵੱਧ ਉਮੀਦਵਾਰ
ਗਿੱਦੜਬਾਹਾ ਸੀਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ, ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ, ਆਮ ਆਦਮੀ ਪਾਰਟੀ ਦੇ ਡਿੰਪੀ ਢਿੱਲੋਂ ਤੇ ਸਾਬਕਾ ਅਕਾਲੀ ਤੇ ਕਾਂਗਰਸੀ ਜਗਮੀਤ ਬਰਾੜ ਦੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਤੋਂ ਬਾਅਦ ਵੀਆਈਪੀ ਬਣ ਗਈ ਹੈ। ਇਸ ਸੀਟ 'ਤੇ ਚਾਰਾਂ 'ਚੋਂ ਸਭ ਤੋਂ ਵੱਧ ਉਮੀਦਵਾਰਾਂ ਨੇ ਆਪਣੇ ਹਲਫਨਾਮੇ ਦਾਖਲ ਕੀਤੇ ਹਨ। ਇੱਥੇ ਨਾਮਜ਼ਦਗੀ ਭਰਨ ਵਾਲੇ ਲੋਕਾਂ ਦੀ ਗਿਣਤੀ 20 ਹੈ।
ਇਸ ਦੇ ਨਾਲ ਹੀ ਬਰਨਾਲਾ ਵਿੱਚ 18 ਅਤੇ ਡੇਰਾ ਬਾਬਾ ਨਾਨਕ ਵਿੱਚ 14 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸਭ ਤੋਂ ਘੱਟ ਗਿਣਤੀ ਚੱਬੇਵਾਲਾ ਸੀਟ 'ਤੇ ਹੈ। ਇੱਥੇ 8 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। 30 ਅਕਤੂਬਰ ਨੂੰ ਕਾਗਜ਼ ਵਾਪਸ ਲੈਣ ਦੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਇਹ ਗਿਣਤੀ ਹੋਰ ਘੱਟ ਜਾਵੇਗੀ।
ਗਿੱਦੜਬਾਹਾ
ਪੰਜਾਬ ਦੀ ਵੀਆਈਪੀ ਸੀਟ ਬਣ ਚੁੱਕੀ ਗਿੱਦੜਬਾਹਾ ਤੋਂ ਕਾਂਗਰਸ ਦੇ ਉਮੀਦਵਾਰ ਅੰਮ੍ਰਿਤਾ ਵੜਿੰਗ, ਭਾਜਪਾ ਦੇ ਮਨਪ੍ਰੀਤ ਬਾਦਲ ਅਤੇ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਹਨ। ਉਨ੍ਹਾਂ ਤੋਂ ਇਲਾਵਾ ਰਾਜੇਸ਼ ਗਰਗ, ਗੁਰਪ੍ਰੀਤ ਸਿੰਘ, ਓਮ ਪ੍ਰਕਾਸ਼, ਰਾਜੇਸ਼ ਗਰਗ, ਇਕਬਾਲ ਸਿੰਘ, ਸੁਖਦੇਵ ਸਿੰਘ, ਜਗਮੀਤ ਸਿੰਘ, ਮਨਪ੍ਰੀਤ ਸਿੰਘ, ਹਰਦੀਪ ਸਿੰਘ, ਮੁਨੀਸ਼ ਵਰਮਾ, ਸੁਖਰਾਜ ਕਰਨ ਸਿੰਘ, ਪ੍ਰਵੀਨ ਹੇਤਸ਼ੀ, ਵੀਰਪਾਲ ਕੌਰ, ਗੁਰਮੀਤ ਸਿੰਘ ਰੰਗਰੇਟਾ ਵੀ ਸ਼ਾਮਿਲ ਹਨ ।
ਬਰਨਾਲਾ
ਬਰਨਾਲਾ ਤੋਂ ਕਾਂਗਰਸੀ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ, ਭਾਜਪਾ ਵੱਲੋਂ ਕੇਵਲ ਸਿੰਘ ਢਿੱਲੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਹਰਿੰਦਰ ਸਿੰਘ ਧਾਲੀਵਾਲ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਪੱਪੂ ਕੁਮਾਰ, ਸਰਦੂਲ ਸਿੰਘ, ਸੁਖਚੈਨ ਸਿੰਘ, ਅਰੁਣ ਪ੍ਰਤਾਪ ਸਿੰਘ, ਰਾਜੂ, ਰੋਹਿਤ ਕੁਮਾਰ, ਤਰਸੇਮ ਸਿੰਘ, ਜਗਮੋਹਨ ਸਿੰਘ, ਬੱਗਾ ਸਿੰਘ ਕਾਹਨੇਕੇ, ਗੁਰਦੀਪ ਸਿੰਘ ਬਾਠ, ਗੋਵਿੰਦ ਸਿੰਘ ਸੰਧੂ, ਗੁਰਪ੍ਰੀਤ ਸਿੰਘ ਅਤੇ ਯਾਦਵਿੰਦਰ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।