ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਹੁਕਮ ਦਿੱਤੇ ਹਨ ਕਿ ਸੀਨੀਅਰ ਸਿਟੀਜ਼ਨ ਤੇ ਮੁਟਿਆਰ ਦੇ ਨਵਵਿਆਹੇ ਜੋੜੇ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਪਿਛਲੇ ਮਹੀਨੇ ਦੌਰਾਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਾਲੀਆਂ ਦੇ ਰਹਿਣ ਵਾਲੇ 67 ਸਾਲਾ ਸ਼ਮਸ਼ੇਰ ਸਿੰਘ ਤੇ ਲੌਂਗੋਵਾਲ ਦੀ 24 ਸਾਲਾ ਨਵਪ੍ਰੀਤ ਕੌਰ ਨੇ ਆਪਣੀ ਜਾਨ ਤੇ ਆਜ਼ਾਦੀ ਦੀ ਰੱਖਿਆ ਲਈ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅਰਜ਼ੀ ਦਾਇਰ ਕੀਤੀ ਸੀ। ਇਸ 'ਤੇ ਅਦਾਲਤ ਨੇ ਪੁਲਿਸ ਨੂੰ ਨਿਰਦੇਸ਼ ਜਾਰੀ ਕੀਤੇ ਹਨ।
ਇਹ ਵੱਖਰੀ ਕਿਸਮ ਦਾ ਵਿਆਹ ਕਈ ਦਿਨਾਂ ਤਕ ਸੋਸ਼ਲ ਮੀਡੀਆ 'ਤੇ ਛਾਇਆ ਰਿਹਾ ਸੀ। ਹੁਣ ਅਜਬ-ਗ਼ਜ਼ਬ ਜੋੜਾ ਫਿਰ ਤੋਂ ਸੁਰਖੀਆਂ ਵਿੱਚ ਆ ਗਿਆ ਹੈ। ਸੱਜ ਵਿਆਹੇ ਜੋੜੇ ਨੇ ਅਦਾਲਤ ਨੂੰ ਸ਼ਿਕਾਇਤ ਦਿੱਤੀ ਸੀ ਤੇ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਇਸ ਲਈ ਉਨ੍ਹਾਂ ਦੀ ਜਾਨ ਦੀ ਰਾਖੀ ਕੀਤੀ ਜਾਵੇ। ਅਦਾਲਤ ਨੇ ਬਰਨਾਲਾ ਤੇ ਸੰਗਰੂਰ ਦੇ ਪੁਲਿਸ ਕਪਤਾਨਾਂ ਨੂੰ ਦੋਵਾਂ ਦੀ ਸੁਰੱਖਿਆ ਲਈ ਆਦੇਸ਼ ਜਾਰੀ ਕੀਤੇ ਹਨ।
ਇਸ ਸਬੰਧੀ ਨਵਵਿਆਹੇ ਜੋੜੇ ਨੇ ਤਾਂ ਕੁਝ ਕਹਿਣੋਂ ਇਨਕਾਰ ਕਰ ਦਿੱਤਾ ਹੈ, ਪਰ ਉਨ੍ਹਾਂ ਦੇ ਵਕੀਲ ਮੋਹਿਤ ਸਦਾਨਾ ਨੇ ਦੱਸਿਆ ਕਿ ਇਹ ਕਿਸੇ ਵੀ ਤਰ੍ਹਾਂ ਨਾਲ ਬੇਮੇਲ ਵਿਆਹ ਨਹੀਂ ਹੈ। ਦੋਵੇਂ ਬਾਲਗ ਹਨ ਤੇ ਆਪਣੇ ਫੈਸਲੇ ਲੈਣ ਲਈ ਆਜ਼ਾਦ ਹਨ ਪਰ ਪਰਿਵਾਰ ਉਨ੍ਹਾਂ ਨੂੰ ਅਪਣਾ ਨਹੀਂ ਰਹੇ। ਉਨ੍ਹਾਂ ਦੱਸਿਆ ਕਿ ਚਾਰ ਫਰਵਰਰੀ ਨੂੰ ਅਦਾਲਤ ਨੇ ਸੰਗਰੂਰ ਤੇ ਬਰਨਾਲਾ ਦੇ ਐਸਐਸਪੀ ਨੂੰ ਦੋਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ।