Amritsar News: ਚੀਫ਼ ਖ਼ਾਲਸਾ ਦੀਵਾਨ ਦੀ ਐਜੂਕੇਸ਼ਨ ਕਮੇਟੀ ਵੱਲੋਂ ਕੀਤੀ ਗਈ ਤਿੰਨ-ਰੋਜ਼ਾ 67ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ ਵਿੱਚ ਸੋਮਵਾਰ ਨੂੰ ਆਖਰੀ ਦਿਨ ਦੀਵਾਨ ਵੱਲੋਂ ਬਟਾਲਾ ਵਿੱਚ ਨਵਾਂ ਸਕੂਲ ਖੋਲ੍ਹਣ, ਭਾਈ ਵੀਰ ਸਿੰਘ ਦੇ ਨਾਂ ’ਤੇ ਅਤਿ ਆਧੁਨਿਕ ਲਾਇਬ੍ਰੇਰੀ ਬਣਾਉਣ, ਭਾਈ ਵੀਰ ਸਿੰਘ ਦੇ ਜੀਵਨ ਤੇ ਕਾਰਜਾਂ ਤੇ ਖੋਜ ਕਰਨ ਵਾਲੇ ਵਿਦਿਆਰਥੀਆਂ ਲਈ ਵਿਸ਼ੇਸ਼ ਸਨਮਾਨ ਕਰਨ ਦਾ ਫ਼ੈਸਲਾ ਕੀਤਾ ਹੈ। ਦੀਵਾਨ ਵੱਲੋਂ 68ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ ਆਨੰਦਪੁਰ ਸਾਹਿਬ ਵਿੱਚ ਕਰਨ ਦਾ ਐਲਾਨ ਕੀਤਾ ਗਿਆ।



ਵਿਦਿਅਕ ਕਾਨਫ਼ਰੰਸ ਦੇ ਆਖਰੀ ਦਿਨ ਮੁੱਖ ਕਾਨਫ਼ਰੰਸ ਵਿੱਚ ਗੁਰੂ ਨਾਨਕ ਨਿਸ਼ਕਾਮ ਸੇਵਾ ਯੂਕੇ ਦੇ ਮੁਖੀ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਦੀਵਾਨ ਦੇ ਮੋਢੀ ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਨ ’ਤੇ ਵਧਾਈ ਦਿੰਦਿਆਂ ਕਿਹਾ ਕਿ ਦੀਵਾਨ ਦੇ ਸਕੂਲਾਂ ਵਿੱਚ ਵਿੱਦਿਆ ਦਾ ਮਿਆਰ ਉਪਰ ਚੁੱਕਦਿਆਂ ਬੱਚਿਆਂ ਨੂੰ ਉੱਚ ਅਹੁਦੇ ਵਾਲੀਆਂ ਨੌਕਰੀਆਂ ਪ੍ਰਾਪਤ ਕਰਨ ਦੇ ਯੋਗ ਬਣਾਇਆ ਜਾਵੇਗਾ ਤਾਂ ਜੋ ਉਨ੍ਹਾਂ ਦੀ ਵਿਦੇਸ਼ ਜਾਣ ਦੀ ਰੁਚੀ ਨੂੰ ਘੱਟ ਕੀਤਾ ਜਾ ਸਕੇ।

ਇਸ ਮੌਕੇ ਉਨ੍ਹਾਂ ਦੀਵਾਨ ਵੱਲੋਂ ਬਟਾਲਾ ਵਿੱਚ ਨਵਾਂ ਸਕੂਲ ਖੋਲ੍ਹਣ, ਭਾਈ ਵੀਰ ਸਿੰਘ ਦੇ ਨਾਂ ’ਤੇ ਅਤਿ ਆਧੁਨਿਕ ਲਾਇਬ੍ਰੇਰੀ ਬਣਾਉਣ, ਭਾਈ ਵੀਰ ਸਿੰਘ ਦੇ ਜੀਵਨ ਅਤੇ ਕਾਰਜਾਂ ’ਤੇ ਖੋਜ ਕਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਨਮਾਨ ਦੇਣ ਦਾ ਐਲਾਨ ਕੀਤਾ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਦਿਆਰਥੀਆਂ ਨੂੰ ਧਾਰਮਿਕ ਤੇ ਨੈਤਿਕ ਵਿੱਦਿਆ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਮੁੱਖ ਮਹਿਮਾਨ ਭਾਈ ਮਹਿੰਦਰ ਸਿੰਘ ਯੂਕੇ ਨੇ ਉਦਘਾਟਨੀ ਭਾਸ਼ਣ ਵਿੱਚ ਚੀਫ਼ ਖ਼ਾਲਸਾ ਦੀਵਾਨ ਦੇ ਮੋਢੀਆਂ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਹਿੱਤ ਕੀਤੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸਥਾਨਕ ਪ੍ਰਧਾਨ ਸੰਤੋਖ ਸਿੰਘ ਸੇਠੀ ਤੇ ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸਕੱਤਰ ਡਾ. ਐਸਐਸ ਛੀਨਾ ਨੇ ਐਜੂਕੇਸ਼ਨਲ ਕਮੇਟੀ ਦੀ ਰਿਪੋਰਟ ਪੜ੍ਹੀ। ਦੀਵਾਨ ਵੱਲੋਂ ਵਿਸ਼ੇਸ਼ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਕਾਨਫ਼ਰੰਸ ਵੱਲੋਂ ਮਤੇ ਪਾਸ ਕੀਤੇ ਗਏ, ਜਿਸ ਰਾਹੀਂ ਸਰਕਾਰਾਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪਰਵਾਸ ਕਰਨ ਤੋਂ ਰੋਕਣ ਲਈ ਕਿੱਤਾ ਮੁਖੀ ਅਤੇ ਸਕਿੱਲ ਡਿਵੈਲਪਮੈਂਟ ਆਧਾਰਤ ਵਿਦਿਆ ਪ੍ਰਦਾਨ ਕੀਤੀ ਜਾਵੇ, ਬੇਲੋੜੇ ਖਰਚੇ ਤੇ ਵਾਧੂ ਰਸਮਾਂ ਨੂੰ ਰੋਕਦਿਆਂ ਸਿੱਖਾਂ ਵਿੱਚ ਵਿਆਹ, ਭੋਗਾਂ ਆਦਿ ਨੂੰ ਗਰਮੁਤਿ ਮਰਿਆਦਾ ਅਨੁਸਾਰ ਕੀਤਾ ਜਾਵੇ, ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ, ਕਰਤਾਰਪੁਰ ਲਾਂਘੇ ਲਈ ਸਰਕਾਰਾਂ ਨੂੰ ਅਪੀਲ ਕੀਤੀ ਕਿ ਦੋਹਾਂ ਦੇਸ਼ਾਂ ਦੇ ਵਸਨੀਕਾਂ ਨੂੰ ਇਤਿਹਾਸ, ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਆਨਲਾਈਨ ਵੀਜ਼ਾ ਦੇਣ ਦੀ ਸਹੂਲਤ ਸ਼ੁਰੂ ਕਰਨ ਦੀ ਅਪੀਲ ਕੀਤੀ ਗਈ। ਇਸ ਮੌਕੇ ਅਗਲੀ 68ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ ਆਨੰਦਪੁਰ ਸਾਹਿਬ ਵਿੱਚ ਕਰਨ ਦਾ ਐਲਾਨ ਕੀਤਾ ਗਿਆ।