ਰੁਜ਼ਗਾਰ ਉਤਪਤੀ ਮੰਤਰੀ ਚੰਨੀ ਨੇ ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਵਿਸ਼ਵ ਭਰ ਵਿੱਚ ਕੋਵਿਡ -19 ਮਹਾਮਾਰੀ ਕਾਰਨ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਨੌਕਰੀਆਂ ਦੇ ਮੌਕੇ ਸੀਮਤ ਹੋ ਗਏ ਹਨ, ਪਰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਹੂਲਤ ਇਨ੍ਹਾਂ ਔਖੇ ਸਮਿਆਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਲੋੜੀਂਦੇ ਮੌਕੇ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਕਰੇਗੀ।
ਮੰਤਰੀ ਨੇ ਕਿਹਾ ਕਿ ਇਸ ਸਾਲ ਦੇ ਸੂਬਾ ਪੱਧਰੀ ਨੌਕਰੀ ਮੇਲੇ ਦੌਰਾਨ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਨੌਕਰੀ ਮੇਲੇ ਲਈ ਨਿੱਜੀ ਖੇਤਰ ਵਿਚ 90,000 ਅਸਾਮੀਆਂ ਵਾਸਤੇ 1.40 ਲੱਖ ਅਰਜ਼ੀਆਂ ਪ੍ਰਾਪਤ ਹੋਈਆਂ ਹਨ, ਜੋ ਚਾਹਵਾਨਾਂ ਲਈ ਪੇਸ਼ ਕੀਤੀਆਂ ਜਾਣਗੀਆਂ।
ਚੰਨੀ ਨੇ ਇਹ ਵੀ ਐਲਾਨ ਕੀਤਾ ਕਿ ਇਸ ਸਾਲ ਦੌਰਾਨ ਪੰਜਾਬ ਸਰਕਾਰ ਇੱਕ ਲੱਖ ਸਰਕਾਰੀ ਨੌਕਰੀਆਂ ਦੀਆਂ ਅਸਾਮੀਆਂ ਭਰੇਗੀ, ਜਿਨ੍ਹਾਂ ਚੋਂ 50,000 ਸਰਕਾਰੀ ਨੌਕਰੀਆਂ ਸਬੰਧੀ ਇਸ਼ਤਿਹਾਰ ਜਲਦ ਦਿੱਤਾ ਜਾਵੇਗਾ। ਇਸ ਦੀ ਕਾਗਜ਼ੀ ਕਾਰਵਾਈ ਲਗਪਗ ਮੁਕੰਮਲ ਕਰ ਲਈ ਗਈ ਹੈ ਅਤੇ ਹੋਰ 50 ਹਜ਼ਾਰ ਸਰਕਾਰੀ ਨੌਕਰੀਆ ਸਬੰਧੀ ਇਸ਼ਤਿਹਾਰ ਦੇਣ ਲਈ ਕਾਗਜ਼ੀ ਕਾਰਵਾਈ ਤੇਜ਼ੀ ਨਾਲ ਪੂਰੀ ਕੀਤੀ ਜਾ ਰਹੀ ਹੈ।
ਰੋਜ਼ਗਾਰ ਉਤਪਤੀ ਵਿਭਾਗ, ਪੰਜਾਬ ਦੇ ਸਕੱਤਰ ਰਾਹੁਲ ਤਿਵਾੜੀ ਨੇ ਕਿਹਾ ਕਿ ਇਸ ਰੋਜ਼ਗਾਰ ਮੇਲੇ ਵਿੱਚ ਨੌਕਰੀ ਤਲਾਸ਼ ਰਹੇ ਨੌਜਵਾਨਾਂ ਲਈ 10 ਤੋਂ ਘੱਟ ਪੜ੍ਹੇ ਲਿਖੇ ਤੋਂ ਲੈ ਕੇ ਪੋਸਟ ਗ੍ਰੈਜੂਏਟ / ਡਾਕਟਰੇਟ ਅਤੇ ਆਈਟੀਆਈ / ਡਿਪਲੋਮਾ ਪਾਸ ਤੋਂ ਲੈ ਕੇ ਬੀ. ਟੈੱਕ ਇੰਜੀਨੀਅਰਾਂ ਲਈ ਨੌਕਰੀਆਂ ਉਪਲੱਬਧ ਹਨ। ਇਸ ਨੌਕਰੀ ਮੇਲੇ ਵਿੱਚ ਤਨਖਾਹ ਦੀ ਸੀਮਾ 1 ਲੱਖ ਤੋਂ ਲੈ ਕੇ 43 ਲੱਖ ਪ੍ਰਤੀ ਸਾਲ ਤੱਕ ਹੈ।
ਦੱਸ ਦਈਏ ਕਿ ਇਸ ਵਿੱਚ ਹਿੱਸਾ ਲੈਣ ਵਾਲੇ ਪ੍ਰਮੁੱਖ ਨਿਯੋਜਕਾਂ ਵਿੱਚ ਐਚਡੀਐਫਸੀ ਬੈਂਕ, ਹੈਵੈਲਜ਼ ਇੰਡੀਆ ਲਿਮਟਿਡ, ਰਿਲਾਇੰਸ ਇੰਡਸਟਰੀਜ਼, ਆਈ.ਸੀ.ਆਈ.ਸੀ.ਆਈ. ਬੈਂਕ, ਫਲਿੱਪਕਾਰਟ, ਟੈੱਕ ਮਹਿੰਦਰਾ, ਵਰਧਮਾਨ ਯਰਨ ਐਂਡ ਥ੍ਰੈਡਸ ਲਿਮਟਿਡ, ਟਰਾਈਡੈਂਟ ਗਰੁੱਪ, ਮਾਈਕ੍ਰੋਸਾਫਟ ਆਦਿ ਅਤੇ ਹੋਰ ਕਈ ਸਥਾਨਕ ਨਿਯੋਜਕ ਸ਼ਾਮਲ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904