ਬਠਿੰਡਾ : ਪੁਲਿਸ ਨੇ ਇੱਕ ਗਰੋਹ ਦੇ 7 ਅਜਿਹੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਪਿਛਲੇ ਤਕਰੀਬਨ ਦੋ ਸਾਲਾਂ ਤੋਂ ਲੋਕਾਂ ਦੀਆਂ ਕੋਰਟ ਵਿੱਚ ਨਕਲੀ ਜ਼ਮਾਨਤਾਂ ਕਰਵਾਉਣ ਦਾ ਕੰਮ ਕਰ ਰਹੇ ਸਨ। ਪੁਲਿਸ ਮੁਤਾਬਕ ਇਸ ਗਰੋਹ ਵਿੱਚ ਕਰੀਬ 25 ਮੁਲਜ਼ਮ ਸ਼ਾਮਲ ਹਨ, ਜਿਨ੍ਹਾਂ ਵਿੱਚੋਂ 7 ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਦਕਿ ਬਾਕੀ ਫਰਾਰ ਹਨ।
ਇਸ ਮਾਮਲੇ ਵਿੱਚ ਐਸ.ਐਸ.ਪੀ. ਸਵਪਨ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੇ 3 ਤੋਂ 4 ਆਧਾਰ ਕਾਰਡ ਬਣੇ ਹੋਏ ਸਨ, ਜਿਸ ਨਾਲ ਇਹ ਵਾਰ-ਵਾਰ ਲੋਕਾਂ ਦੀ ਕੋਰਟ ਵਿੱਚ ਜ਼ਮਾਨਤ ਕਰਵਾਉਂਦੇ ਸਨ। ਇਹ ਮੁਲਜ਼ਮ ਵਿਅਕਤੀ ਦੀ ਜ਼ਮਾਨਤ ਕਰਵਾਉਣ ਦੇ ਪੰਜ ਤੋਂ 15 ਹਜ਼ਾਰ ਰੁਪਏ ਲੈਂਦੇ ਸਨ।
ਪੁਲਿਸ ਮੁਤਾਬਕ, ਇਹ ਗਰੋਹ ਪਿਛਲੇ ਕਰੀਬ 2 ਸਾਲਾਂ ਵਿੱਚ ਘੱਟ ਤੋਂ ਘੱਟ 400 ਨਕਲੀ ਜ਼ਮਾਨਤਾਂ ਕਰਵਾ ਚੁੱਕਿਆ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਤੋਂ ਵੱਡੀ ਗਿਣਤੀ ਵਿੱਚ ਆਧਾਰ ਕਾਰਡ, ਮੋਹਰੇ ਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਹਨ।