ਫਰੀਦਕੋਟ: ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ (ਜੀਜੀਐਸਐਮਸੀਐਚ) ਵੱਲੋਂ ਪ੍ਰਧਾਨ ਮੰਤਰੀ ਕੇਅਰਜ਼ ਫੰਡ ਤੇ ਵੈਂਟੀਲੇਟਰ ਬਣਾਉਣ ਵਾਲੀ ਕੰਪਨੀ AgVa Healthcare ਵੱਲੋਂ ਪ੍ਰਾਪਤ ਕੀਤੇ ਗਏ 80 ਵੈਂਟੀਲੇਟਰਾਂ ਵਿੱਚੋਂ 71 ਵੱਖ-ਵੱਖ ਤਕਨੀਕੀ ਖਾਮੀਆਂ ਕਾਰਨ ਬੇਕਾਰ ਪਏ ਹਨ।ਹਸਪਤਾਲ ਵਿੱਚ ਪਹਿਲਾਂ ਹੀ 39 ਵੈਂਟੀਲੇਟਰ ਸਨ, ਜਿਨ੍ਹਾਂ ਵਿੱਚੋਂ 2 ਖ਼ਰਾਬ ਹਨ।
ਸਥਿਤੀ ਚਿੰਤਾਜਨਕ ਹੈ ਕਿਉਂਕਿ ਇਸ ਸਮੇਂ ਹਸਪਤਾਲ 'ਚ 310 ਕੋਵਿਡ ਮਰੀਜ਼ ਦਾਖਲ ਹਨ। ਐਨੇਸਥੀਟਿਸਟਸ ਤੇ ਇੰਟੈਨਸਿਵ ਕੇਅਰ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਵੈਂਟੀਲੇਟਰਾਂ 'ਤੇ ਭਰੋਸਾ ਨਹੀਂ, ਕਿਉਂਕਿ ਇਹ ਅਚਾਨਕ ਬੰਦ ਹੋ ਜਾਂਦੇ ਹਨ ਜਾਂ ਸਿਰਫ਼ 1-2 ਘੰਟੇ ਕੰਮ ਕਰਦੇ ਹਨ।
ਇੱਕ ਡਾਕਟਰ ਨੇ ਕਿਹਾ, "ਵੈਂਟੀਲੇਟਰ ਦਾ ਮੁੱਖ ਕੰਮ ਵੱਖ-ਵੱਖ ਪੱਧਰਾਂ 'ਤੇ ਆਕਸੀਜਨ ਪ੍ਰਦਾਨ ਕਰਨਾ ਹੁੰਦਾ ਹੈ, ਕਿਉਂਕਿ ਹਰੇਕ ਮਰੀਜ਼ ਦਾ ਆਕਸੀਜਨ ਪੱਧਰ ਵੱਖਰਾ ਹੁੰਦਾ ਹੈ। ਡਾਕਟਰਾਂ ਦੀ ਸ਼ਿਕਾਇਤ ਹੈ ਕਿ ਇਨ੍ਹਾਂ ਵੈਂਟੀਲੇਟਰਾਂ ਦੀ ਵਰਤੋਂ ਮਗਰੋਂ ਅੱਧੇ ਘੰਟੇ ਦੇ ਅੰਦਰ-ਅੰਦਰ ਆਕਸੀਜਨ ਦਾ ਦਬਾਅ ਘੱਟ ਜਾਂਦਾ ਹੈ। ਇਨ੍ਹਾਂ ਵੈਂਟੀਲੇਟਰਾਂ ਦੀ ਵਰਤੋਂ ਕਰਦੇ ਸਮੇਂ ਸਾਨੂੰ ਬਹੁਤ ਧਿਆਨ ਰੱਖਣਾ ਪੈਂਦਾ ਹੈ। ਸਾਨੂੰ ਕਿਸੇ ਵੀ ਸਮੱਸਿਆ ਤੋਂ ਬਚਣ ਲਈ ਹਮੇਸ਼ਾ ਮਰੀਜ਼ ਦੇ ਨੇੜੇ ਰਹਿਣਾ ਪੈਂਦਾ ਹੈ, ਜੋ ਕਿ ਮੌਜੂਦਾ ਹਾਲਾਤ 'ਚ ਸੱਚਮੁੱਚ ਮੁਸ਼ਕਲ ਹੈ।"
ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਉਪ-ਕੁਲਪਤੀ ਡਾ. ਰਾਜ ਬਹਾਦੁਰ ਨੇ ਕਿਹਾ, "ਅਸੀਂ ਸਰਕਾਰ ਨੂੰ ਇਸ ਸਮੱਸਿਆ ਬਾਰੇ ਦੱਸਿਆ ਹੈ। ਅਸੀਂ ਇਹ ਵੀ ਦੱਸ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਕੇਅਰਜ਼ ਫੰਡ ਤਹਿਤ ਮੁਹੱਈਆ ਕਰਵਾਏ ਜਾਣ ਵਾਲੇ ਵੈਂਟੀਲੇਟਰਾਂ ਦੀ ਗੁਣਵੱਤਾ ਕਾਫ਼ੀ ਘਟੀਆ ਹੈ। ਇਸ ਤੋਂ ਇਲਾਵਾ ਕਾਰਜਸ਼ੀਲ ਮਸ਼ੀਨਾਂ ਵੀ ਲਗਾਤਾਰ ਖਰਾਬ ਹੋ ਰਹੀਆਂ ਹਨ। ਇਸ ਲਈ ਅਸੀਂ ਇਨ੍ਹਾਂ ਮਰੀਜ਼ਾਂ ਦੀ ਵਰਤੋਂ ਉਦੋਂ ਤਕ ਨਹੀਂ ਕਰ ਸਕਦੇ ਜਦੋਂ ਤਕ ਸਾਡੇ ਕੋਲ ਮੁਰੰਮਤ ਦਾ ਪੁਖਤਾ ਪ੍ਰਬੰਧ ਨਹੀਂ ਹੋ ਜਾਂਦਾ।"
ਪੰਜਾਬ ਦੇ ਮੁੱਖ ਸਕੱਤਰ ਨੇ ਇਨ੍ਹਾਂ ਵੈਂਟੀਲੇਟਰਾਂ ਦੇ ਰੱਖ-ਰਖਾਅ ਲਈ ਇੰਜੀਨੀਅਰਾਂ ਤੇ ਟੈਕਨੀਸ਼ੀਅਨਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਸੂਤਰ ਨੇ ਦੱਸਿਆ ਕਿ ਅਗਲੇ 24 ਘੰਟਿਆਂ 'ਚ ਉਨ੍ਹਾਂ ਦੇ ਫਰੀਦਕੋਟ ਪਹੁੰਚਣ ਦੀ ਉਮੀਦ ਹੈ।