ਚੰਡੀਗੜ੍ਹ: ਪੰਜਾਬ 'ਚ ਬੇਅਦਬੀ ਮਾਮਲੇ 'ਤੇ ਆਪਣੀ ਹੀ ਸਰਕਾਰ ਦੀ ਹੋਈ ਮਿੱਟੀ-ਪਲੀਤ ਤੋਂ ਨਾਰਾਜ਼ ਚੱਲ ਰਹੇ ਕਾਂਗਰਸੀ ਲੀਡਰਾਂ ਦੀ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਹੋਈ ਗੁਪਤ ਮੀਟਿੰਗ ਦੇ ਅਗਲੇ ਹੀ ਦਿਨ ਮੰਗਲਵਾਰ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ 'ਚ ਲਗਪਗ 12 ਵਿਧਾਇਕਾਂ ਤੇ ਕਾਂਗਰਸ ਦੇ ਦੋ ਮੰਤਰੀਆਂ ਦੀ ਮੀਟਿੰਗ ਹੋਈ।


 


ਹਾਲਾਂਕਿ ਇਸ ਮੀਟਿੰਗ ਨੂੰ ਵੀ ਦਲਿਤ ਤੇ ਓਬੀਸੀ ਵਰਗ ਦੇ ਮੁੱਦੇ ਨੂੰ ਚੋਣਾਂ ਤੋਂ ਪਹਿਲਾਂ ਸਮੀਖਿਆ ਕਰਨ ਬਾਰੇ ਦੱਸਿਆ ਗਿਆ ਪਰ ਇਸ ਮੀਟਿੰਗ ਦੇ ਸਿਆਸੀ ਗਲਿਆਰੇ 'ਚ ਹੋਰ ਵੀ ਮਾਇਨੇ ਕੱਢੇ ਜਾ ਰਹੇ ਹਨ। ਅਜਿਹੇ 'ਚ ਕੈਪਟਨ ਸਰਕਾਰ ਦੀਆਂ ਚਿੰਤਾਵਾਂ ਵਧ ਗਈਆਂ ਹਨ।


 


ਸੂਤਰਾਂ ਅਨੁਸਾਰ ਮੀਟਿੰਗ ਵਿੱਚ ਸਮਾਜਿਕ ਸੁਰੱਖਿਆ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਸਮੇਤ ਕੁੱਲ 10 ਦੇ ਕਰੀਬ ਵਿਧਾਇਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਤੇ ਹੋਰਨਾਂ ਵਿਧਾਇਕਾਂ ਨੇ ਵੀ ਸਹਿਮਤੀ ਦਿੱਤੀ ਹੈ। ਚਰਚਾ ਹੈ ਕਿ ਪਾਰਟੀ ਦੇ ਅਨੁਸੂਚਿਤ ਜਾਤੀ ਤੇ ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਤ 30 ਦੇ ਕਰੀਬ ਵਿਧਾਇਕਾਂ ਨੇ ਮੀਟਿੰਗ ’ਚ ਚੁੱਕੇ ਮੁੱਦਿਆਂ ਦਾ ਸਮਰਥਨ ਕੀਤਾ ਹੈ। ਇਸ ਮੀਟਿੰਗ ਦੌਰਾਨ ਵਿਧਾਇਕਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ।


 


ਮੀਟਿੰਗ ਵਿੱਚ ਇਸ ਗੱਲ ਦੀ ਵੀ ਚਰਚਾ ਹੋਈ ਕਿ ਦਲਿਤ ਮੁੱਦਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਤੇ ਮੁੱਖ ਮੰਤਰੀ ਕਿਸੇ ਨੂੰ ਮਿਲਣ ਦਾ ਸਮਾਂ ਵੀ ਨਹੀਂ ਦਿੰਦੇ। ਇਸ ਲਈ ਮੀਟਿੰਗ ਨੂੰ ਮੁੱਖ ਮੰਤਰੀ ਖ਼ਿਲਾਫ਼ ਉਠੀ ਬਗਾਵਤ ਨਾਲ ਹੀ ਜੋੜਿਆ ਜਾ ਰਿਹਾ ਹੈ। ਚਰਨਜੀਤ ਚੰਨੀ ਨੇ 13 ਪੰਨਿਆਂ ਦੀ ਚਿੱਠੀ ਵੀ ਸੋਨੀਆ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਗਈ ਹੈ। ਇਸ ਚਿੱਠੀ ਰਾਹੀਂ ਇਹੀ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਦਲਿਤਾਂ ਦੀ ਵਸੋਂ ਦਾ ਵੱਡਾ ਹਿੱਸਾ ਹੈ ਪਰ ਇਸ ਭਾਈਚਾਰੇ ਨੂੰ ਸਿਆਸੀ ਤੇ ਪ੍ਰਸ਼ਾਸਕੀ ਤੌਰ ’ਤੇ ਪ੍ਰਮੁੱਖਤਾ ਤਾਂ ਦੂਰ ਦੀ ਗੱਲ ਬਰਾਬਰ ਦੀ ਨੁਮਾਇੰਦਗੀ ਵੀ ਨਹੀਂ ਮਿਲਦੀ।


 


ਚੰਨੀ ਦੇ ਘਰ 'ਚ ਹੋਈ ਮੀਟਿੰਗ ਤੋਂ ਬਾਅਦ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਹ ਮੀਟਿੰਗ ਦਲਿਤਾਂ ਤੇ ਓਬੀਸੀ ਨਾਲ ਜੁੜੇ ਮੁੱਦਿਆਂ 'ਤੇ ਹੋਈ ਹੈ ਪਰ ਸਰਕਾਰ ਤੋਂ ਨਾਰਾਜ਼ਗੀ ਤੇ ਕੈਬਨਿਟ ਮੰਤਰੀ ਦੇ ਖਾਲੀ ਪਏ ਅਹੁਦੇ 'ਤੇ ਕਿਸੇ ਦਲਿਤ ਜਾਂ ਓਬੀਸੀ ਵਰਗ ਦੇ ਵਿਧਾਇਕ ਨੂੰ ਦਿੱਤੇ ਜਾਣ ਦੇ ਸਵਾਲ ਤੋਂ ਬਚਦੇ ਨਜ਼ਰ ਆਏ।


 


ਦੂਜੇ ਪਾਸੇ, ਸਰਕਾਰ ਤੋਂ ਨਾਰਾਜ਼ ਚੱਲ ਰਹੇ ਮੰਤਰੀਆਂ ਤੇ ਵਿਧਾਇਕਾਂ ਨੂੰ ਮਨਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਰਗਰਮ ਹੋ ਗਏ ਹਨ। ਸੋਮਵਾਰ ਨੂੰ ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਗਏ ਸਨ ਪਰ ਰੰਧਾਵਾ ਨੂੰ ਮਨਾਉਣ 'ਚ ਉਹ ਕਿੰਨਾ ਸਫਲ ਰਹੇ, ਇਹ ਹੁਣ ਵੀ ਰਹੱਸ ਬਣਿਆ ਹੋਇਆ ਹੈ।


 


ਵੇਰਕਾ ਨੇ ਕਿਹਾ ਕਿ ਮੀਟਿੰਗ 'ਚ ਦਲਿਤ ਤੇ ਓਬੀਸੀ ਵਰਗਾਂ ਲਈ ਸਰਕਾਰ ਵੱਲੋਂ ਕੀਤੇ ਗਏ ਸਾਰੇ ਵਾਅਦੇ ਪੂਰੇ ਕਰਨ ਬਾਰੇ ਵਿਚਾਰ-ਵਟਾਂਦਰਾ ਹੋਇਆ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਦਲਿਤ ਤੇ ਓਬੀਸੀ ਵਰਗਾਂ ਨਾਲ ਕੀਤੇ ਵਾਅਦੇ 80 ਫ਼ੀਸਦੀ ਤੋਂ ਵੱਧ ਪੂਰੇ ਕੀਤੇ ਹਨ। ਹੁਣ 20 ਫ਼ੀਸਦੀ ਵਾਅਦੇ ਪੂਰੇ ਕਰਨ ਲਈ ਚੋਣਾਂ ਤੋਂ ਪਹਿਲਾਂ ਇਸ ਦੀ ਸਮੀਖਿਆ ਕੀਤੀ ਗਈ। ਦਲਿਤਾਂ ਤੇ ਓਬੀਸੀ ਵਰਗ ਨਾਲ ਕੀਤੇ ਗਏ ਵਾਅਦਿਆਂ 'ਚ ਬਾਕੀ ਬਚੇ ਵਾਅਦੇ ਪੂਰੇ ਕਰਨ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਲਈ ਵੀ ਸਮਾਂ ਮੰਗਿਆ ਗਿਆ ਹੈ ਪਰ ਵੇਰਕਾ ਨੇ ਨਾਰਾਜ਼ ਵਿਧਾਇਕਾਂ ਤੇ ਮੰਤਰੀ ਬਾਰੇ ਕੁਝ ਵੀ ਬੋਲਣ ਤੋਂ ਗੁਰੇਜ਼ ਕੀਤਾ।


 


ਇਸ ਬਾਰੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਜਦੋਂ ਮੰਗਲਵਾਰ ਨੂੰ ਚਰਨਜੀਤ ਚੰਨੀ ਦੀ ਰਿਹਾਇਸ਼ 'ਤੇ ਹੋਈ ਬੈਠਕ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਘਰ ਦੀ ਗੱਲਬਾਤ ਘਰ 'ਚ ਹੀ ਰਹਿਣੀ ਚਾਹੀਦੀ ਹੈ। ਬਾਹਰ ਜਾ ਕੇ ਤੇ ਅਜਿਹੀਆਂ ਗੱਲਾਂ ਕਰਕੇ ਆਪਣੀ ਸਥਿਤੀ ਨੂੰ ਹਾਸੋਹੀਣੀ ਨਾ ਬਣਾਓ।


 


ਹੁਣ ਅਨੁਸੂਚਿਤ ਜਾਤੀਆਂ ਤੇ ਓਬੀਸੀ ਵਿਧਾਇਕਾਂ ਦੀ ਘੇਰਾਬੰਦੀ ਸਰਕਾਰ ਨੂੰ ਭਾਰੀ ਪੈ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਵਿਧਾਇਕਾਂ ਦੀਆਂ 12 ਮੰਗਾਂ ਹਨ। ਮੀਟਿੰਗ 'ਚ ਕੁਝ ਵਿਧਾਇਕਾਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਕੀ ਵੱਡੇ ਅਹੁਦਿਆਂ 'ਤੇ ਸਿਰਫ਼ ਉੱਚ ਜਾਤੀ ਵਾਲਿਆਂ ਨੂੰ ਹੀ ਤਾਇਨਾਤ ਕੀਤਾ ਜਾਵੇਗਾ।