Faridkot News : ਫਰੀਦਕੋਟ ਦੀ ਮਾਡਰਨ ਜੇਲ੍ਹ ਅੰਦਰ ਬੰਦ ਹਵਾਲਾਤੀਆਂ ਅਤੇ ਕੈਦੀਆਂ ਤੋਂ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਮਾਮਲੇ ਅਨੁਸਾਰ ਇੱਕ ਵਾਰ ਫਿਰ ਜ਼ੇਲ੍ਹ ਅੰਦਰੋ 8 ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ,ਜਿਸ ਨੂੰ ਲੈ ਕੇ 2 ਹਵਾਲਾਤੀਆਂ ਅਤੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸੰਬੰਧੀ ਜਾਣਕਰੀ ਦਿੰਦੇ ਹੋਏ ਡੀਐਸਪੀ ਰਮਨਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਮਿਲੇ ਪੱਤਰ ਅਨੁਸਾਰ ਜੇਲ੍ਹ ਅੰਦਰ ਚੱਲੇ ਤਲਾਸ਼ੀ ਅਭਿਆਨ ਦੌਰਾਨ ਵੱਖ- ਵੱਖ ਬੈਰਕਾਂ ਵਿਚੋਂ ਕੁੱਲ 8 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਅਤੇ ਇਨ੍ਹਾਂ ਵਿਚੋਂ 2 ਹਵਾਲਾਤੀਆਂ ਪਾਸੋ 1-1 ਟੱਚ ਸਕਰੀਨ ਮੋਬਾਈਲ ਫੋਨ ਬਰਾਮਦ ਹੋਏ ਜਦਕਿ 6 ਮੋਬਾਈਲ ਲਾਵਾਰਿਸ ਹਾਲਤ ਵਿਚ ਮਿਲੇ ਹਨ। ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ 'ਤੇ ਪੁਲਿਸ ਨੇ 2 ਹਵਾਲਾਤੀਆਂ ਸਮੇਤ ਨਾਮਲੂਮਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਹੁਣ ਨਾਮਜਦ ਹਵਾਲਾਤੀਆਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਤਲਾਸ਼ੀ ਦੌਰਾਨ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚੋਂ 5 ਮੋਬਾਈਲ ਫੋਨ ਅਤੇ ਇਕ ਚਾਰਜਰ ਬਰਾਮਦ ਹੋਇਆ ਸੀ। ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਇਕ ਔਰਤ ਹਵਾਲਾਤੀ ਸਮੇਤ ਅਣਪਛਾਤੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਜੇਲ੍ਹ ਕਰਮਚਾਰੀਆਂ ਵਲੋਂ ਤਲਾਸ਼ੀ ਲੈਣ 'ਤੇ ਇਕ ਕੀਪੈਡ ਮੋਬਾਈਲ ਫ਼ੋਨ ਮਿਲਿਆ, 2 ਟੱਚ ਸਕਰੀਨ ਅਤੇ 2 ਕੀਪੈਡ ਫੋਨ ਲਾਵਾਰਿਸ ਹਾਲਤ 'ਚ ਮਿਲੇ ਸਨ।
ਜ਼ਿਕਰਯੋਗ ਹੈ ਕਿ ਜਦੋਂ ਤੋਂ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਹੋਂਦ ਵਿੱਚ ਆਈ ਹੈ ,ਉਦੋਂ ਤੋਂ ਹੀ ਇਸ ਜੇਲ੍ਹ ਦਾ ਵਿਵਾਦਾਂ ਨਾਲ ਰਿਸ਼ਤਾ ਚੱਲਿਆ ਆ ਰਿਹਾ ਹੈ। ਉਹ ਭਾਵੇਂ ਜੇਲ੍ਹ ਅੰਦਰ ਬੰਦ ਕੈਦੀਆਂ/ਹਵਾਲਾਤੀਆਂ ਵਿਚ ਝੜਪ ਦਾ ਮਾਮਲਾ ਹੋਵੇ, ਜੇਲ੍ਹ ਅੰਦਰ ਬੰਦ ਕੈਦੀਆਂ/ਹਵਾਲਤੀਆਂ ਵੱਲੋਂ ਮੋਬਾਇਲ ਫੋਨਾਂ ਦੀ ਵਰਤੋਂ ਹੋਵੇ ਜਾਂ ਜੇਲ੍ਹ ਅੰਦਰੋਂ ਲਾਈਵ ਹੋ ਕੇ ਕਿਸੇ ਨੇਤਾ ਨੂੰ ਧਮਕੀ ਦੇਣ ਦੀ ਗੱਲ ਹੋਵੇ, ਜੇਲ੍ਹ ਅੰਦਰ ਬੰਦ ਲੋਕਾਂ ਵੱਲੋਂ ਜੇਲ੍ਹ ਅੰਦਰ ਅੱਗ ਲਗਾਉਣ ਦੀ ਗੱਲ ਹੋਵੇ ਜਾਂ ਜੇਲ੍ਹ ਅੰਦਰ ਲਗਾਤਾਰ ਕੈਦੀਆਂ ਦੀ ਮੌਤ ਦਾ ਮਾਮਲਾ ਹੋਵੇ ਜਾਂ ਜੇਲ੍ਹ ਦੇ ਸੁਰੱਖਿਆ ਕਰਮੀਆਂ ਤੋਂ ਜੇਲ੍ਹ ਅੰਦਰ ਪਾਬੰਦੀ ਸੁਦਾ ਪਦਾਰਥ ਦੀ ਬਰਾਮਦਗੀ ਹੋਵੇ। ਆਏ ਦਿਨ ਇਹ ਜੇਲ੍ਹ ਸੁਰਖੀਆਂ ਵਿੱਚ ਰਹਿੰਦੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।