ਫ਼ਰੀਦਕੋਟ ਤੋਂ ਰਾਜੀਵ ਸ਼ਰਮਾ ਦੀ ਰਿਪੋਰਟ


ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਿਪਾਹੀ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ ਜੋ ਪੁਲਿਸ ਵਿੱਚ ਰਹਿ ਕੇ ਦੇਸ਼ ਦੀ ਸੇਵਾ ਵਿੱਚ ਆਪਣਾ ਅਹਿਮ ਯੋਗਦਾਨ ਦੇ ਰਿਹਾ ਹੈ। ਅਜਿਹੇ ਸਿਪਾਹੀ ਦੀ ਜੋ ਨਾ ਤਾਂ ਕੋਈ ਤਨਖਾਹ ਲੈਂਦਾ ਹੈ ਅਤੇ ਨਾ ਹੀ ਕੋਈ ਛੁੱਟੀ। ਜਿਸ ਨੇ ਪੰਜਾਬ ਪੁਲਿਸ ਵਿੱਚ ਰਹਿ ਕੇ ਆਪਣੀ ਡਿਊਟੀ ਨਿਭਾਈ ਅਤੇ ਇਸ ਦੌਰਾਨ ਕੈਂਸਰ ਵਰਗੀ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਿਆ, 3 ਸਾਲ ਦੀ ਲੰਬੀ ਬਿਮਾਰੀ ਤੋਂ ਬਾਅਦ ਕੈਂਸਰ ਨੂੰ ਹਰਾ ਕੇ ਹੁਣ ਮੁੜ ਦੇਸ਼ ਦੀ ਸੇਵਾ ਕਰਨ ਲਈ ਤਿਆਰ ਹੈ।


ਸੁਲਝਾਏ ਨੇ ਕਈ ਵੱਡੇ-ਵੱਡੇ ਕੇਸ


ਦੱਸ ਦੇਈਏ ਕਿ ਇਹ ਸਿਪਾਹੀ ਕੌਣ ਹੈ ? ਇਹ ਹੈ ਪੰਜਾਬ ਦੇ ਫਰੀਦਕੋਟ ਜ਼ਿਲੇ ਦੀ ਪੰਜਾਬ ਪੁਲਿਸ 'ਚ ਤਾਇਨਾਤ ਇੱਕ ਮਾਦਾ ਕੁੱਤਾ ਸਿੰਮੀ, ਜਿਸ ਦੀ ਉਮਰ ਸਿਰਫ 6 ਸਾਲ ਹੈ ਅਤੇ ਇਹ ਪਿਛਲੇ 3 ਸਾਲਾਂ ਤੋਂ ਕੈਂਸਰ ਵਰਗੀ ਭਿਆਨਕ ਬੀਮਾਰੀ ਤੋਂ ਪੀੜਤ ਸੀ, ਫਰੀਦਕੋਟ ਪੁਲਿਸ ਨੇ ਇਸ ਦਾ ਇਲਾਜ ਕਰਵਾਇਆ ਹੈ ਅਤੇ ਹੁਣ ਕੈਂਸਰ ਨੂੰ ਹਰਾ ਕੇ ਦੇਸ਼ ਦੀ ਸੇਵਾ ਕਰਨ ਲਈ ਤਿਆਰ ਹੈ। ਉਸ ਨੇ ਆਪਣੀ ਡਿਊਟੀ ਦੌਰਾਨ ਪੁਲਿਸ ਨਾਲ ਮਿਲ ਕੇ ਵੱਡੇ-ਵੱਡੇ ਅਪਰੇਸ਼ਨਾਂ ਵਿਚ ਅਪਰਾਧੀਆਂ ਨੂੰ ਜੇਲ੍ਹਾਂ ਵਿੱਚ ਭੇਜਿਆ ਹੈ। ਇਸ ਕੁੱਤੇ ਨੇ ਅਪਰਾਧੀਆਂ ਨੂੰ ਫੜਨ ਲਈ ਪੁਲਿਸ ਵਿਭਾਗ ਤੋਂ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ ਹੈ। ਇਸ ਨਾਲ ਦੇ ਕਈ ਕਤਲ ਤੇ ਡਰੱਗ ਰੈਕੇਟ ਕੇਸਾਂ ਵਿੱਚ ਪੁਲਿਸ ਦੀ ਮਦਦ ਕੀਤੀ ਹੈ।


ਮਿਸ਼ਨ 'ਤੇ ਜਾਣ ਲਈ ਦਿੱਤੀ ਜਾਂਦੀ ਹੈ ਵੱਖਰੀ ਗੱਡੀ


ਜ਼ਿਕਰ ਕਰ ਦਈਏ ਕਿ ਇਸ ਦੇ ਖਾਣ-ਪੀਣ ਤੋਂ ਲੈ ਕੇ ਕੂਲਰ, ਵਿਸ਼ੇਸ਼ ਖੁਰਾਕ ਅਤੇ ਦਵਾਈਆਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਸਬੰਧੀ ਪੰਜਾਬ ਪੁਲਿਸ ਵਿਭਾਗ ਵੱਲੋਂ ਹਦਾਇਤ ਕੀਤੀ ਗਈ ਹੈ। ਉਸ ਨੂੰ ਕਿਸੇ ਵੀ ਕੇਸ ਜਾਂ ਮਿਸ਼ਨ 'ਤੇ ਜਾਣ ਲਈ ਇੱਕ ਵਿਸ਼ੇਸ਼ ਵਾਹਨ ਵੀ ਦਿੱਤਾ ਗਿਆ ਹੈ ਅਤੇ ਦੋ ਪੁਲਿਸ ਕਰਮਚਾਰੀ ਇਸ ਦੇ ਨਾਲ ਜਾਂਦੇ ਹਨ। 
ਹੈੱਡ ਕਾਂਸਟੇਬਲ ਕੁਲਬੀਰ ਸਿੰਘ ਨੇ ਇਸ ਦੀ ਦੇਖ ਰੇਖ ਕੀਤੀ ਜਿਸ ਕਾਰਨ ਉਹ ਕੈਂਸਰ ਵਰਗੀ ਲਾ-ਇਲਾਜ਼ ਬਿਮਾਰੀ ਨਾਲ ਲੜ ਸਕੀ। ਉਸ ਦੀ ਡਾਈਟ ਤੋਂ ਲੈ ਕੇ ਦਵਾਈਆਂ ਤੱਕ ਸਭ ਕੁਝ, ਕੁਲਬੀਰ ਸਿੰਘ ਦੇਖਦਾ ਹੈ ਜੋ ਕਿ ਉਸ ਦਾ ਡੌਗ ਹੈਂਡਲਰ ਹੈ ਤੇ 24 ਘੰਟੇ ਉਸ ਦੇ ਨਾਲ ਰਹਿੰਦਾ ਹੈ ਅਤੇ ਜਦੋਂ ਵੀ ਉਸ ਨੇ ਡਿਊਟੀ 'ਤੇ ਜਾਣਾ ਹੁੰਦਾ ਹੈ ਤਾਂ ਉਸ ਨਾਲ ਜਾਂਦਾ ਹੈ। 


SSP ਰੋਜ਼ ਜਾਣਦੇ ਨੇ ਸਿੰਮੀ ਦਾ ਹਾਲ


ਫਰੀਦਕੋਟ ਜ਼ਿਲ੍ਹੇ ਦੇ ਐਸਐਸਪੀ ਹਰਜੀਤ ਸਿੰਘ ਹਰ ਰੋਜ਼ ਸ਼ਾਮੀਂ ਖ਼ੁਦ ਉਨ੍ਹਾਂ ਦੇ ਕਮਰੇ ਵਿੱਚ ਆ ਕੇ ਉਨ੍ਹਾਂ ਦਾ ਹਾਲ ਚਾਲ ਪੁੱਛਦੇ ਹਨ। ਇਸ ਮੌਕੇ ਜ਼ਿਲ੍ਹੇ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਸਾਡੇ ਪੁਲਿਸ ਵਿਭਾਗ ਵਿੱਚ 3 ਕੁੱਤੇ ਹਨ। ਅਤੇ ਇਹਨਾਂ ਵਿੱਚੋਂ ਇੱਕ ਸਿੰਮੀ ਨਾਮਕ ਕੁੱਤੇ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਸੀ ਪਰ ਪੁਲਿਸ ਵਿਭਾਗ ਨੇ ਇਸ ਦਾ ਇਲਾਜ ਕਰਵਾਇਆ, ਜਿਸ ਤੋਂ ਬਾਅਦ ਹੁਣ ਉਹ ਠੀਕ ਹੈ। ਉਨ੍ਹਾਂ ਦੱਸਿਆ ਕਿ ਇਸ ਕੁੱਤੇ ਨੇ ਅਪਰਾਧੀਆਂ ਨੂੰ ਫੜਨ ਲਈ ਪੁਲਿਸ ਵਿਭਾਗ ਤੋਂ ਵਿਸ਼ੇਸ਼ ਸਿਖਲਾਈ ਪ੍ਰਾਪਤ ਕੀਤੀ ਹੈ।