ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਵੱਲੋਂ ਕਰਵਾਈ ਜਾ ਰਹੀ ਆਲ ਇੰਡੀਆ ਕਾਨਫਰੰਸ ਦਾ ਅੱਜ ਦੂਜਾ ਦਿਨ ਹੈ। ਅੱਜ ਕਾਨਫਰੰਸ ਦੇ ਦੋ ਸੈਸ਼ਨ ਹੋਣਗੇ, ਪਹਿਲਾ ਸਵੇਰੇ 9.30 ਵਜੇ ਤੋਂ ਦੁਪਹਿਰ 12 ਵਜੇ ਤੱਕ ਔਰਤਾਂ, ਵਿਦਿਆਰਥੀਆਂ, ਨੌਜਵਾਨਾਂ ਤੇ ਹੋਰ ਕਿਰਤੀ ਵਰਗਾਂ ਨਾਲ ਸਬੰਧਤ ਤੇ ਆਖਰੀ ਸਮਾਪਤੀ ਸੈਸ਼ਨ ਦੁਪਹਿਰ 12 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ। ਇਸ ਕਾਨਫਰੰਸ ਵਿੱਚ ਕਿਸਾਨ ਅੰਦੋਲਨ ਨੂੰ ਵਿਸਥਾਰ ਦੇਣ ਤੇ ਹੋਰ ਤਿੱਖਾ ਕਰਨ ’ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ।


ਹਰਿਆਣਾ ਤੋਂ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕਿ ਪੰਜਾਬ ਵਿੱਚ 69 ਲੱਖ ਵੋਟਾਂ ਨਾਲ ਸੂਬਾ ਸਰਕਾਰ ਬਣੀ ਜਦੋਂਕਿ ਕਿਸਾਨਾਂ ਦੀਆਂ ਹੀ 80-90 ਲੱਖ ਵੋਟਾਂ ਹਨ, ਜੇਕਰ ਉਹ ਹੋਰਨਾਂ ਨੂੰ ਪਿੰਡਾਂ ਵਿੱਚ ਨਾ ਆਉਣ ਦੇਣ ਤਾਂ ਕਿਸਾਨ ਖ਼ੁਦ ਦੀ ਸਰਕਾਰ ਬਣਾ ਸਕਦੇ ਹਨ। ਇਸੇ ਤਰ੍ਹਾਂ ਯੂਪੀ ਦੀ ਸਰਕਾਰ 3.50 ਕਰੋੜ ਵੋਟਾਂ ਨਾਲ ਬਣੀ ਹੋਈ ਹੈ ਜਦੋਂਕਿ ਉੱਥੇ ਕਿਸਾਨਾਂ ਦੀਆਂ 8 ਕਰੋੜ ਵੋਟਾਂ ਹਨ।


 




ਉਨ੍ਹਾਂ ਕਿਹਾ ਕਿ ਇੱਕ ਵਾਰ ਪ੍ਰਧਾਨ ਮੰਤਰੀ ਨਿਵਾਸ ਘੇਰਿਆ ਜਾਵੇ ਤਾਂ ਸਰਕਾਰ ਨੂੰ ਮਜਬੂਰ ਕੀਤਾ ਜਾ ਸਕਦਾ ਹੈ। ਸੰਮੇਲਨ ਦੇ ਤਿੰਨ ਸੈਸ਼ਨਾਂ ’ਚੋਂ ਪਹਿਲਾ ਕਾਲੇ ਕਾਨੂੰਨਾਂ ਨਾਲ ਸਬੰਧਤ, ਦੂਜਾ ਉਦਯੋਗਿਕ ਕਾਮਿਆਂ ਨੂੰ ਸਮਰਪਿਤ ਤੇ ਤੀਜਾ ਖੇਤ ਮਜ਼ਦੂਰਾਂ, ਪੇਂਡੂ ਗਰੀਬਾਂ ਅਤੇ ਆਦਿਵਾਸੀਆਂ ਦੇ ਮੁੱਦਿਆਂ ਨਾਲ ਸਬੰਧਤ ਸੀ।


ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਦੇਸ਼ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਖ਼ਤਰਨਾਕ ਨੀਤੀ ਲਾਗੂ ਕੀਤੀ ਜਾ ਰਹੀ ਹੈ ਤੇ ਦੇਸ਼ ਦੇ ਮੁੱਖ ਸਰਕਾਰੀ ਅਦਾਰੇ ਪ੍ਰਾਈਵੇਟ ਸੈਕਟਰ ਨੂੰ ਵੇਚਣ ਲਈ ਲਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਇਕੱਠੇ ਹੋਣਾ ਪਵੇਗਾ ਤਾਂ ਹੀ ਦੇਸ਼ ਬਚੇਗਾ।


ਕਿਸਾਨ ਲੀਡਰਾਂ ਮੁਤਾਬਕ ਇਤਿਹਾਸਕ ਸੰਮੇਲਨ ਵਿੱਚ 22 ਸੂਬਿਆਂ ਨਾਲ ਸਬੰਧਤ 300 ਤੋਂ ਵੱਧ ਕਿਸਾਨ ਤੇ ਖੇਤ ਮਜ਼ਦੂਰ ਯੂਨੀਅਨਾਂ, 18 ਆਲ ਇੰਡੀਆ ਟਰੇਡ ਯੂਨੀਅਨਾਂ, 9 ਮਹਿਲਾ ਸੰਗਠਨ ਅਤੇ 17 ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਦੇ ਪ੍ਰਤੀਨਿਧ ਹਿੱਸਾ ਲੈ ਰਹੇ ਹਨ।