ਚੰਡੀਗੜ੍ਹ: ਹਾਈ ਕਮਾਨ ਦੀ ਮੁਹਰ ਤੋਂ ਬਾਅਦ ਬੀਤੇ ਦਿਨ ਪੰਜਾਬ ਦੀ ਰਾਜਧਾਨੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ। ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਤੇ ਸੂਬੇ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਘਰ ਰਾਤ ਦੇ ਖਾਣੇ 'ਤੇ ਵੱਡੀ ਗਿਣਤੀ ਵਿੱਚ 59 ਵਿਧਾਇਕ ਤੇ ਅੱਠ ਸੰਸਦ ਮੈਂਬਰ ਸ਼ਾਮਲ ਹੋਏ। ਵਿਧਾਇਕ ਰਾਜ ਕੁਮਾਰ ਵੇਰਕਾ ਨੇ ਦੱਸਿਆ ਕਿ ਮੌਜੂਦਾ ਵਿਧਾਇਕਾਂ ਤੋਂ ਇਲਾਵਾ ਸਾਲ 2017 ਵਿੱਚ ਚੋਣ ਲੜਨ ਵਾਲੇ 15 ਨੇਤਾ ਵੀ ਕੈਪਟਨ ਨਾਲ ਮੌਜੂਦ ਸਨ।
ਹਾਈ ਕਮਾਨ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦੇ ਐਲਾਨ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਹਰਕਤ ਵਿੱਚ ਆ ਗਏ ਹਨ। ਕੈਪਟਨ ਨੇ ਆਪਣੀ ਡਿਨਰ ਡਿਪਲੋਮੇਸੀ ਨਾਲ ਪਹਿਲਾਂ ਆਪਣੇ ਪੱਖ ਦੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਨਾਲ ਮੇਲ-ਜੋਲ ਵਧਾਇਆ। ਪੰਜਾਬ ਵਿੱਚ ਕਾਂਗਰਸ ਦੇ 80 ਵਿਧਾਇਕ ਤੇ ਅੱਠ ਸੰਸਦ ਮੈਂਬਰ ਹਨ, ਜਿਨ੍ਹਾਂ ਵਿੱਚੋਂ 59 ਐਮਐਲਏ ਤੇ ਸਾਰੇ ਐਮਪੀ ਕੈਪਟਨ ਦੀ ਡਿਨਰ ਪਾਰਟੀ ਵਿੱਚ ਸ਼ਾਮਲ ਹੋਏ ਹਨ।
ਇੱਧਰ ਕੈਪਟਨ ਆਪਣੀ ਸਿਆਸੀ ਤਾਕਤ ਦਿਖਾ ਰਹੇ ਸੀ ਉੱਧਰ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੀ ਸਰਕਾਰ ਦੀ ਹਵਾ ਕੱਢਣ ਵਿੱਚ ਜੁਟੇ ਹੋਏ ਸੀ। ਸਿੱਧੂ ਨੇ ਨਾਂਅ ਲਏ ਬਗ਼ੈਰ ਇੱਕ ਵੀਡੀਓ ਵੀ ਪੋਸਟ ਕੀਤੀ ਤੇ ਚੋਣ ਵਾਅਦੇ ਯਾਦ ਕਰਵਾਏ ਅਤੇ ਅੰਮ੍ਰਿਤਸਰ ਵਿੱਚ ਵਪਾਰੀਆਂ ਨਾਲ ਕੀਤੀ ਬੈਠਕ ਵਿੱਚ ਵੀ ਉਨ੍ਹਾਂ ਖ਼ੂਬ ਭੜਾਸ ਕੱਢੀ। ਉਨ੍ਹਾਂ ਕਿਹਾ ਕਿ ਬਿਜਲੀ ਨੌਂ ਰੁਪਏ ਦੀ ਬਜਾਇ ਤਿੰਨ ਰੁਪਏ ਪ੍ਰਤੀ ਯੂਨਿਟ ਹੋਣੀ ਚਾਹੀਦੀ ਹੈ ਤੇ ਪੰਜਾਬ ਵਿੱਚ ਇੱਕ ਲੱਖ ਪੋਸਟ ਵੀ ਭਰੀ ਨਹੀਂ ਗਈ ਹੈ।
ਦੱਸ ਦੇਈਏ ਕਿ ਪੰਜਾਬ ਦੇ ਚਾਰ ਮੰਤਰੀਆਂ ਨੇ ਮੁੱਖ ਮੰਤਰੀ ਬਦਲਣ ਲਈ ਹਾਈ ਕਮਾਨ ਕੋਲ ਪਹੁੰਚ ਕੀਤੀ ਸੀ, ਪਰ ਪਾਰਟੀ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਉਨ੍ਹਾਂ ਦੀ ਗੱਲ ਸੁਣਨ ਮਗਰੋਂ ਕੈਪਟਨ 'ਤੇ ਨਾ ਸਿਰਫ ਤਸੱਲੀ ਪ੍ਰਗਟਾਈ ਬਲਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵੀ ਕੈਪਟਨ ਦੀ ਅਗਵਾਈ ਵਿੱਚ ਲੜਨ ਦਾ ਐਲਾਨ ਕੀਤਾ। ਇਸ ਉਪਰੰਤ ਬਾਗ਼ੀ ਧੜੇ ਦੇ ਮੰਤਰੀ ਸੁਖਜਿੰਦਰ ਰੰਧਾਵਾ ਤੋਂ ਇਲਾਵਾ ਬਾਕੀ ਤਿੰਨ ਮੰਤਰੀ ਬੀਤੇ ਕੱਲ੍ਹ ਹੋਈ ਕੈਬਨਿਟ ਮੀਟਿੰਗ ਵਿੱਚ ਵੀ ਸ਼ਾਮਲ ਨਹੀਂ ਹੋਏ।
ਦੇਖੋ ਵੀਡੀਓ-