ਗੁਰਦਾਸਰਪੁਰ: ਘਰ ਵਿੱਚ ਇਕੱਲੀ ਸੁੱਤੀ ਵੇਖ ਪੁਲਿਸ ਮੁਲਾਜ਼ਮ ਦੀ 84 ਸਾਲਾ ਮਾਂ ਨਾਲ ਬਲਾਤਕਾਰ ਮਗਰੋਂ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸੋਮਵਾਰ ਰਾਤ ਦੀ ਹੈ, ਜਦਕਿ ਇਸ ਦਾ ਪਤਾ ਮੰਗਲਵਾਰ ਨੂੰ ਲੱਗਾ ਜਦ ਮ੍ਰਿਤਕਾ ਦੇ ਪੋਤਾ-ਪੋਤੀ ਉਸ ਨੂੰ ਜਗਾਉਣ ਲਈ ਆਏ ਸਨ।

ਬੱਚਿਆਂ ਨੇ ਔਰਤ ਨੂੰ ਬਿਸਤਰੇ ਵਿੱਚ ਬੇਸੁਧ ਹਾਲਤ 'ਚ ਪਈ ਦੇਖ ਤੁਰੰਤ ਵੱਡਿਆਂ ਨੂੰ ਦੱਸਿਆ। ਮ੍ਰਿਤਕਾ ਦੇ ਚਿਹਰੇ 'ਤੇ ਨੀਲ ਪਏ ਹੋਏ ਸਨ ਤੇ ਨੱਕ ਵਿੱਚੋਂ ਲਹੂ ਵਗ ਰਿਹਾ ਸੀ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਕਿ ਮ੍ਰਿਤਕਾ ਨਾਲ ਜ਼ਬਰਦਸਤੀ ਕਰਨ ਮਗਰੋਂ ਗਲ ਘੁੱਟ ਕੇ ਕਤਲ ਕੀਤਾ ਗਿਆ ਸੀ। ਮ੍ਰਿਤਕਾ ਦੇ ਹੱਥ ਵਿੱਚ ਦੋਸ਼ੀ ਦੀ ਜੈਕੇਟ ਦੇ ਕੁਝ ਟੁਕੜੇ ਸਨ, ਜਿਸ ਦੀ ਸਹਾਇਤਾ ਨਾਲ ਪੁਲਿਸ ਮੁਲਜ਼ਮ ਤਕ ਪਹੁੰਚੀ।

ਇਨ੍ਹਾਂ ਟੁਕੜਿਆਂ ਤੋਂ ਪੁਲਿਸ ਨੇ ਪਤਾ ਲਾਇਆ ਕਿ ਇਹ ਜੈਕੇਟ ਪੀੜਤ ਦੇ ਘਰ ਦੇ ਨੇੜਲੇ ਖੇਤਾਂ ਵਿੱਚ ਕੰਮ ਕਰਨ ਵਾਲੇ ਨੇਪਾਲੀ ਮਜ਼ਦੂਰ ਸਤਿੰਦਰ ਦੀ ਸੀ। ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਿਆ ਤਾਂ ਉਸ ਨੇ ਮੰਨ ਲਿਆ ਕਿ ਉਸ ਨੇ ਹੀ ਬਿਰਧ ਔਰਤ ਨਾਲ ਬਲਾਤਕਾਰ ਕਰ ਕਤਲ ਕੀਤਾ ਸੀ। ਭੈਣੀ ਮੀਆਂ ਖ਼ਾਂ ਦੇ ਥਾਣਾ ਮੁਖੀ ਹਰਕੀਰਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਤਿੰਦਰ ਖ਼ਿਲਾਫ਼ ਧਾਰਾ 376, 302 ਤੇ 452 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।