Vigilance notice to 457 teachers - ਪੰਜਾਬ ਵਿੱਚ ਵੱਖ ਵੱਖ ਵਿਭਾਗਾਂ ਵਿੱਚ ਹੋਈਆਂ ਗੜਬੜੀਆਂ ਦੀ ਜਾਂਚ ਵਿਜੀਲੈਂਸ ਬਿਊਰੋ ਕਰ ਰਹੀ ਹੈ। ਇਸ ਦੌਰਾਨ ਵਿਜੀਲੈਂਸ ਹੱਥ ਸਾਲ 2007 ਨੂੰ ਕੀਤੀ ਗਈ ਅਧਿਆਪਕਾਂ ਦੀ ਭਰਤੀ ਸਬੰਧੀ ਗੜਬੜੀ ਦੇ ਤੱਥ ਲੱਗੇ ਹਨ। 16 ਸਾਲ ਪਹਿਲਾਂ 9998 ਟੀਚਿੰਗ ਫੈਲੋਜ਼ ਦੀਆਂ ਭਰਤੀਆਂ ਕੀਤੀਆਂ ਗਈਆਂ ਸਨ। ਇਸ ਵਿੱਚੋਂ 457 ਅਧਿਆਪਕਾਂ ਦੇ ਸਰਟੀਫਿਕੇਟ ਜਾਅਲੀ ਪਾਏ ਗਏ ਹਨ। ਜਿਸ ਦਾ ਦਾਅਵਾ ਵਿਜੀਲੈਂਸ ਬਿਊਰੋ ਵੱਲੋਂ ਕੀਤਾ ਗਿਆ ਹੈ।


 ਵਿਜੀਲੈਂਸ ਮੁਤਾਬਕ 457 ਅਧਿਆਪਕਾਂ ਦੇ ਤਜਰਬੇ ਦੇ ਸਰਟੀਫਿਕੇਟ ਜਾਅਲੀ ਪਾਏ ਗਏ ਹਨ ਅਤੇ ਇਹਨਾਂ ਵਿਚ ਕਈ ਤਰ੍ਹਾਂ ਦੀਆਂ ਕਮੀਆਂ ਹਨ। ਇਸ ਤੋਂ ਬਾਅਦ ਵਿਜੀਲੈਂਸ ਨੇ ਸਿੱਖਿਆ ਵਿਭਾਗ ਤੋਂ ਰਿਪੋਰਟ ਮੰਗ ਲਈ ਹੈ ਅਤੇ 457 ਅਧਿਆਪਕਾਂ ਨੂੰ ਆਪੋ ਆਪਣੇ ਤਜਰਬੇ ਸਰਟੀਫਿਕੇਟ ਲੈ ਕੇ ਵਿਜੀਲੈਂਸ ਦੇ ਅਫ਼ਸਰਾਂ ਅੱਗੇ ਪੇਸ਼ ਹੋਣ ਲਈ ਕਿਹਾ ਹੈ। ਇਹਨਾਂ ਵਿਵਾਦਤ ਅਧਿਆਪਕਾਂ ਨੂੰ 25 ਜੁਲਾਈ ਲਈ ਤਲਬ ਕੀਤਾ ਹੈ।  ਇਸ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਅਧਿਆਪਕਾਂ ਦਾ ਰਿਕਾਰਡ ਤੁਰੰਤ ਮੁੱਖ ਦਫ਼ਤਰ ਵਿਖੇ ਭੇਜਣ ਤਾਂ ਜੋ ਉਕਤ ਰਿਕਾਰਡ 25 ਜੁਲਾਈ ਨੂੰ ਵਿਜੀਲੈਂਸ ਨੂੰ ਦਿੱਤਾ ਜਾ ਸਕੇ |


ਇਸ ਮਾਮਲੇ ਨੂੰ ਲੈ ਕੇ ਸਿੱਖਿਆ ਵਿਭਾਗ ਵਿੱਚ ਇਸ ਕਦਰ ਦਹਿਸ਼ਤ ਦਾ ਮਾਹੌਲ ਹੈ ਕਿ ਅਧਿਕਾਰੀਆਂ ਨੂੰ ਸਾਫ਼ ਕਹਿ ਦਿੱਤਾ ਗਿਆ ਹੈ ਕਿ ਜੇਕਰ ਕੋਈ ਅਧਿਕਾਰੀ ਜਾਣੇ-ਅਣਜਾਣੇ ਵਿੱਚ ਮਿੱਥੇ ਸਮੇਂ ਤੱਕ ਰਿਕਾਰਡ ਨਹੀਂ ਦਿੰਦਾ ਤਾਂ ਵਿਜੀਲੈਂਸ ਉਕਤ ਅਧਿਕਾਰੀ ਨੂੰ ਗ੍ਰਿਫ਼ਤਾਰ ਵੀ ਕਰ ਸਕਦੀ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਨੇ 8 ਮਈ 2023 ਨੂੰ ਹੀ ਕੇਸ ਦਰਜ ਕੀਤਾ ਸੀ ਅਤੇ ਹੁਣ ਮਾਮਲੇ ਦੀ ਜਾਂਚ ਵਿੱਚ ਤੇਜ਼ੀ ਲਿਆਂਦੀ ਗਈ ਹੈ। ਪਿਛਲੇ ਦੋ ਮਹੀਨਿਆਂ ਤੋਂ ਵਿਭਾਗ ਤੋਂ ਇਨ੍ਹਾਂ ਟੀਚਿੰਗ ਫੈਲੋਜ਼ ਦਾ ਰਿਕਾਰਡ ਮੰਗਿਆ ਜਾ ਰਿਹਾ ਸੀ।


ਸਿਰਫ ਅਧਿਆਪਕ ਹੀ ਨਹੀਂ ਵਿਜੀਲੈਂਸ ਉਹਨਾਂ ਅਫ਼ਸਰਾਂ ਅਧਿਕਾਰੀਆਂ ਤੱਕ ਵੀ ਪਹੁੰਚ ਕਰਨ ਦੀ ਕੋਸ਼ਿਸ਼ ਵਿੱਚ ਹੈ ਕਿ ਜਿਹਨਾ ਨੇ 457 ਅਧਿਆਪਕਾਂ ਦੇ ਤਜਰਬਾ ਸਰਟੀਫਿਕੇਟ ਤਸਦੀਕ ਕੀਤੇ ਸਨ। ਪੱਤਰ ਵਿੱਚ ਕਿਹਾ ਗਿਆ ਹੈ ਕਿ ਫਰਜ਼ੀ ਤਜਰਬੇ ਸਰਟੀਫਿਕੇਟ ਦੀ ਪੁਸ਼ਟੀ ਕਰਨ ਵਾਲਿਆਂ ਦਾ ਨਾਮ, ਪਤਾ ਅਤੇ ਫੋਨ ਨੰਬਰ ਦਿੱਤਾ ਜਾਵੇ। ਜਿਹੜੇ ਅਫ਼ਸਰ ਸੇਵਾਮੁਕਤ ਹੋ ਗਏ ਹਨ ਜਾਂ ਫਿਰ ਜਿਹਨਾਂ ਦੀ ਮੌਤ ਵੀ ਹੋ ਚੁੱਕੀ ਹੈ ਉਹਨਾ ਦਾ ਨਾਮ ਵੀ ਵਿਜੀਲੈਂਸ ਨੇ ਮੰਗਿਆ ਹੈ।