Patna Sahib Controversy: ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦਾ ਵਿਵਾਦ ਸੁਲਝਦਾ ਨਜ਼ਰ ਨਹੀਂ ਆ ਰਿਹਾ। ਬੀਤੇ ਦਿਨੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪਟਨਾ ਸਾਹਿਬ ਦੀ ਕਮੇਟੀ ਨੂੰ ਤਲਬ ਕਰਦਿਆਂ ਜਿੱਥੇ ਧਾਰਮਿਕ ਸੇਵਾ ਲਾਈ ਗਈ ਸੀ, ਉੱਥੇ ਹੀ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖਾਹੀਆ ਕਰਾਰ ਦਿੱਤਾ ਸੀ। 


ਇਸ ਦੇ ਨਾਲ ਹੀ ਪਟਨਾ ਸਾਹਿਬ ਕਮੇਟੀ ‘ਚ ਕੰਮ ਕਰਨ ਵਾਲੇ ਸੇਵਾਦਾਰਾਂ ਨੂੰ ਤੰਬਾਕੂ ਦਾ ਸੇਵਨ ਕਰਨ ਦੀ ਵੀ ਸਖਤ ਸ਼ਬਦਾਂ ‘ਚ ਮਨਾਹੀ ਕੀਤੀ ਸੀ। ਇਨ੍ਹਾਂ ਸਭ ਹੁਕਮਾਂ ਨੂੰ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਨੇ ਮੁੱਢੋਂ ਰੱਦ ਕਰ ਦਿੱਤਾ ਹੈ ਤੇ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਹੈ।



ਗੌਰਤਲਬ ਹੈ ਕਿ ਗਿਆਨੀ ਇਕਬਾਲ ਸਿੰਘ ਤਨਖਾਹੀਆਂ ਕਰਾਰ ਹੋਣ ਦੇ ਬਾਵਜੂਦ ਤਖ਼ਤ ਸਾਹਿਬ ਦੇ ਅੰਦਰ ਪ੍ਰਵੇਸ਼ ਹੋਏ ਤੇ ਉਨ੍ਹਾਂ ਦਾ ਇੱਕ ਧੜਾ ਲਗਾਤਾਰ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਵਿਰੋਧ ਕਰ ਰਿਹਾ ਹੈ। ਉਨ੍ਹਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਗਿਆਨੀ ਇਕਬਾਲ ਸਿੰਘ ਨੂੰ ਪਟਨਾ ਸਾਹਿਬ ਦੀ ਸੇਵਾ ਦਿੱਤੀ ਜਾਵੇ ਪਰ ਇਸ ਸਭ ਵਿੱਚ ਅੱਜ ਪੰਜ ਪਿਆਰਿਆਂ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਦਿੱਤੀ ਚੁਣੌਤੀ ਪੰਥਕ ਗਲਿਆਰਿਆ ‘ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।


ਸ਼੍ਰੀ ਅਕਾਲ ਤਖ਼ਤ ਦੇ ਹੁਕਮਾਂ ਦਾ ਪਟਨਾ ਸਾਹਿਬ 'ਚ ਵਿਰੋਧ, ਜਥੇਦਾਰ ਦਾ ਹੁਕਮ ਮੰਨਣ ਤੋਂ ਇਨਕਾਰੀ


 ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਕਰਮਚਾਰੀਆਂ ਦੇ ਨਸ਼ਿਆਂ ਸਬੰਧੀ ਟੈਸਟ ਕਰਵਾਉਣ ਦੇ ਕੀਤੇ ਗਏ ਫੈਸਲੇ ਦਾ ਪਟਨਾ ਸਾਹਿਬ ਵਿਖੇ ਸਖ਼ਤ ਵਿਰੋਧ ਹੋਇਆ ਹੈ। ਇਸੇ ਤਰ੍ਹਾਂ ਪ੍ਰਬੰਧਕੀ ਬੋਰਡ ਦੇ ਦੋ ਮੈਂਬਰਾਂ, ਜਿਨ੍ਹਾਂ ਨੂੰ ਤਨਖਾਹ ਲਾਈ ਗਈ ਹੈ, ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਇਸ ਫ਼ੈਸਲੇ ਨਾਲ ਅਸਹਿਮਤੀ ਪ੍ਰਗਟਾਈ ਹੈ।


ਹਾਸਲ ਜਾਣਕਾਰੀ ਮੁਤਾਬਕ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਕੁਝ ਕਰਮਚਾਰੀਆਂ ਤੇ ਹੋਰਨਾਂ ਵੱਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਫੈਸਲੇ ਦਾ ਵਿਰੋਧ ਕੀਤਾ ਗਿਆ ਹੈ। ਇਸ ਸਬੰਧ ਵਿੱਚ ਰੋਸ ਵਿਖਾਵਾ ਕੀਤਾ ਗਿਆ ਤੇ ਪੁਤਲਾ ਸਾੜਿਆ ਗਿਆ।


ਦੱਸ ਦਈਏ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਵਿਵਾਦ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ  ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਹੈ, ਜਦੋਂਕਿ ਪ੍ਰਬੰਧਕੀ ਬੋਰਡ ਦੇ ਤਿੰਨ ਮੈਂਬਰਾਂ ਨੂੰ ਤਨਖ਼ਾਹ ਲਾਈ ਗਈ ਹੈ। ਇਨ੍ਹਾਂ ਤੋਂ ਇਲਾਵਾ ਬੋਰਡ ਦੇ ਇੱਕ ਮੈਂਬਰ ਨੂੰ ਉੱਥੋਂ ਦੇ ਪੰਜ ਪਿਆਰਿਆਂ ਵੱਲੋਂ ਲਾਈ ਗਈ ਤਨਖ਼ਾਹ ਨੂੰ ਪੂਰਾ ਕਰਨ ਲਈ ਆਦੇਸ਼ ਦਿੱਤੇ ਗਏ ਹਨ।