Punjab News: ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਜਾ ਮਰਾੜ ਵਿੱਚ ਦੁਪਹਿਰ ਵੇਲੇ ਖੇਤਾਂ ਵਿੱਚ ਕਣਕ ਦੇ ਨਾੜ ਨੂੰ ਲਾਈ ਅੱਗ ਕਾਰਨ ਪਰਵਾਸੀ ਮਜ਼ਦੂਰ ਪੱਪੂ ਮੰਡਲ ਅਤੇ ਸੰਤੋਸ਼ ਮੰਡਲ ਦੀਆਂ ਝੁੱਗੀਆਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਈਆਂ। ਜਿਸ ਕਾਰਨ ਜਿੱਥੇ ਝੁੱਗੀਆਂ ਵਿੱਚ ਪਿਆ ਸਾਮਾਨ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ, ਉੱਥੇ ਹੀ ਪ੍ਰਵਾਸੀ ਮਜ਼ਦੂਰ ਪੱਪੂ ਮੰਡਲ ਦਾ 1 ਸਾਲਾ ਬੱਚਾ ਵੀ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਸੜ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।


ਇਸ ਅੱਗ ਕਾਰਨ ਪੀੜਤ ਪਰਿਵਾਰ ਦੀ ਮੱਝ ਵੀ ਝੁਲਸ ਗਈ ਜਿਸ ਦੀ ਵੀ ਮੌਕੇ ਉੱਤੇ ਹੀ ਮੌਤ ਹੋ ਗਈ।ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਗੱਡੀ ਨੇ ਮੌਕੇ 'ਤੇ ਪਹੁੰਚ ਕੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ।


ਘਟਨਾ ਸਬੰਧੀ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਮੌਕੇ 'ਤੇ ਪਹੁੰਚ ਕੇ ਸਾਰੀ ਘਟਨਾ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ, ਜਦਕਿ ਇਸ ਸਾਰੀ ਘਟਨਾ ਸਬੰਧੀ ਮ੍ਰਿਤਕ ਬੱਚੇ ਦੇ ਪਿਤਾ ਅਤੇ ਮੱਝ ਦੇ ਮਾਲਕ ਪੱਪੂ ਮੰਡਲ ਅਤੇ ਸੰਤੋਸ਼ ਮੰਡਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਿਸਾਨ ਵੱਲੋਂ ਉਨ੍ਹਾਂ ਦੀ ਝੌਂਪੜੀ ਦੇ ਪਿੱਛੇ ਵਾਲੇ ਖੇਤਾਂ ਨੂੰ ਅੱਗ ਲਗਾ ਦਿੱਤੀ ਗਈ ਅਤੇ ਹਨੇਰੀ ਕਾਰਨ ਅੱਗ ਇੰਨੀ ਫੈਲ ਗਈ ਕਿ ਇਸ ਨੇ ਉਨ੍ਹਾਂ ਦੀ ਝੌਂਪੜੀ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਉਨ੍ਹਾਂ ਦਾ 1 ਸਾਲ ਦਾ ਛੋਟਾ ਬੇਟਾ ਵਿੱਚ ਸੜ ਗਿਆ।


ਇਸ ਸਾਰੀ ਘਟਨਾ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ.ਡੀ.ਰਾਜੇਸ਼ ਕੁਮਾਰ ਸਨੇਹੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਕੰਟਰੋਲ ਰੂਮ ਤੋਂ ਮਿਲੀ ਤਾਂ ਉਹ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਖੇਤ ਸਾਹਿਬ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਬਾਜਾ ਮਰਾੜ ਦਾ ਹੈ, ਜਿਸ ਵੱਲੋਂ ਕਣਕ ਦੀ ਨਾੜ ਨੂੰ ਨਸ਼ਟ ਕਰਨ ਲਈ ਅੱਗ ਲਗਾਈ ਗਈ ਸੀ, ਅੱਗ ਇੰਨੀ ਭਿਆਨਕ ਸੀ ਕਿ ਪਰਵਾਸੀ ਮਜ਼ਦੂਰ ਦੀ ਝੌਂਪੜੀ ਅਤੇ ਬੱਚਾ ਅਤੇ ਮੱਝ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਪੁਲਿਸ ਨੇ ਕਿਸਾਨ ਦੇ ਖ਼ਿਲਾਫ਼ ਆਈ.ਪੀ.ਸੀ ਦੀ ਧਾਰਾ 304 429 427 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।