ਚੰਡੀਗੜ੍ਹ: ਪ੍ਰਸ਼ਾਸਨ ਦੀਆਂ ਪਾਬੰਧੀਆਂ ਦੇ ਬਾਵਜੂਦ ਉਮੀਦਵਾਰ ਵੋਟਰਾਂ ਨੂੰ ਲੁਭਾਉਣ ਲਈ ਸ਼ਰਾਬ ਦਾ ਲਾਲਚ ਦਿੰਦੇ ਹਨ। ਇਸਦੀ ਤਾਜ਼ਾ ਮਿਸਾਲ ਸਦਰ ਥਾਣਾ ਖੰਨਾ ਦੇ ਪਿੰਡ ਸਲੌਦੀ ਵਿੱਚ ਦੇਖਣ ਨੂੰ ਮਿਲੀ ਹੈ ਜਿੱਥੇ ਕਾਂਗਰਸ ਦੇ ਬਲਾਕ ਸੰਮਤੀ ਉਮੀਦਵਾਰ ਬਲਜੀਤ ਸਿੰਘ ਤੇ ਉਸਦੇ ਸਾਥੀਆਂ ’ਤੇ ਪਹਿਲਾਂ ਸ਼ਰਾਬ ਪਿਆਉਣ ਤੇ ਫਿਰ ਕੁੱਟਮਾਰ ਕਰਨ ਦਾ ਇਲਜ਼ਾਮ ਲੱਗਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਅਜੇ ਤਕ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਮਾਮਲੇ ਦੀ ਸ਼ਿਕਾਇਤ ਪਿੰਡ ਵਾਸੀ ਜਸਵੰਤ ਸਿੰਘ ਨੇ ਕੀਤੀ ਸੀ। ਉਸਨੇ ਦੱਸਿਆ ਕਿ ਬਲਜੀਤ ਸਿੰਘ ਨੇ ਉਸਨੂੰ ਸ਼ਰਾਬ ਪੀਣ ਲਈ ਆਪਣੇ ਘਰ ਸੱਦਿਆ ਤੇ ਇਸੇ ਦੌਰਾਨ ਉਸਨੂੰ ਮਾੜੇ ਸ਼ਬਦ ਬੋਲੇ। ਜਦੋਂ ਉਸਨੇ ਮਨ੍ਹਾ ਕੀਤਾ ਤਾਂ ਬਲਜੀਤ ਸਿੰਘ ਤੇ ਹੋਰ ਜਣਿਆਂ ਨੇ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਨਾਲ ਉਹ ਜ਼ਖ਼ਮੀ ਹੋ ਗਿਆ ਜਿਸਦੇ ਬਾਅਦ ਉਹ ਉਸਨੂੰ ਬਾਹਰ ਸੁੱਟ ਆਏ। ਜ਼ਖ਼ਮੀ ਜਸਵੰਤ ਸਿੰਘ ਨੂੰ ਹੁਣ ਹਸਪਤਾਲ ਦਾਖਲ ਕਰਾਇਆ ਗਿਆ ਹੈ। ਜਸਵੰਤ ਸਿੰਘ ਨੇ ਕਿਹਾ ਕਿ ਉਸਨੂੰ ਕੇਸ ਨਾ ਦਰਜ ਕਰਵਾਉਣ ਦੀ ਧਮਕੀ ਵੀ ਦਿੱਤੀ ਗਈ ਹੈ। ਉੱਧਰ ਅਕਾਲੀ ਦਲ ਵੱਲੋਂ ਬਲਾਕ ਸੰਮਤੀ ਦੀਆਂ ਚੋਣਾਂ ਲੜਨ ਵਾਲੇ ਉਮੀਦਵਾਰ ਗਗਨਦੀਪ ਸਿੰਘ ਤੇ ਬਲਜਿੰਦਰ ਸਿੰਘ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਵੱਲੋਂ ਪਿੰਡ ਦੇ ਲੋਕਾਂ ਨੂੰ ਇਕੱਠੇ ਕਰ ਕੇ ਸ਼ਰਾਬ ਪਿਆਈ ਜਾਂਦੀ ਹੈ। ਹੁਣ ਪਿੰਡਵਾਸੀ ਦੀ ਕੁੱਟਮਾਰ ਕਰਨ ਦਾ ਮਾਮਲਾ ਵੀ ਦਰਜ ਹੋ ਚੁੱਕਾ ਹੈ ਪਰ ਅਜੇ ਤਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਨਹੀਂ ਹੋਈ। ਇਸ ਸਬੰਧੀ SHO ਗੁਰਮੇਲ ਸਿੰਘ ਨੇ ਦੱਸਿਆ ਕਿ ਜਸਵੰਤ ਸਿੰਘ ਦਾ ਬਿਆਨ ਦਰਜ ਕਰ ਲਿਆ ਗਿਆ ਹੈ ਜਿਸਦੇ ਆਧਾਰ ’ਤੇ ਬਲਜੀਤ ਸਿੰਘ ਤੇ ਕੁਲਦੀਪ ਸਿੰਘ ਖ਼ਿਲਾਫ਼ ਧਾਰਾ 23 ਤੇ 24 ਦਾ ਮਾਮਲਾ ਦਰਜ ਕੀਤਾ ਗਿਆ ਹੈ।