ਫਰੀਦਕੋਟ: ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਵੱਲੋਂ ਫਰੀਦਕੋਟ ਦੇ ਖੇਤਰੀ ਖੋਜ ਕੇਂਦਰ ’ਚ ਕਿਸਾਨ ਮੇਲਾ ਕਰਾਇਆ ਗਿਆ। ਇਸ ਵਿੱਚ ਪੰਜਾਬ ਦੇ ਰਾਜਪਾਲ ਵੀਪੀ ਬਦਨੌਰ ਨੇ ਸ਼ਿਰਕਤ ਕੀਤੀ। ਇਸ ਮੌਕੇ ਕਿਸਾਨਾਂ ਨੇ ਖੇਤੀ ਲਈ ਵਰਤੀਆਂ ਜਾਂਦੀਆਂ ਕੀੜੇਮਾਰ ਦਵਾਈਆ, ਖਾਦਾਂ ਤੇ ਡੀਜ਼ਲ ਦੇ ਵਧੇ ਰੇਟ ਅੱਗੇ ਫਸਲਾਂ ਦੇ ਵਧੇ ਸਮਰਥਨ ਮੁੱਲ ਨੂੰ ਨਕਾਰਿਆ। ਕਿਸਾਨਾਂ ਨੇ ਕਿਹਾ ਕਿ ਕਿਸਾਨ ਦਿਨੋਂ ਦਿਨ ਮਰ ਰਿਹਾ ਹੈ ਪਰ ਸਰਕਾਰ ਸਾਰ ਤਕ ਨਹੀਂ ਲੈ ਰਹੀ। ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਪਾਲ ਬਦਨੌਰ ਨੇ ਕਿਹਾ ਕਿ ਇਲਾਕੇ ਦੇ ਕਿਸਾਨਾਂ ਦੀਆਂ ਖੇਤੀ ਸਬੰਧੀ ਸਮੱਸਿਆਵਾਂ ਬਾਰੇ ਉਹ ਜਲਦ ਹੀ ਮੀਟਿੰਗ ਕਰਨਗੇ। ਕਿਸਾਨਾਂ ਨੇ ਰੋਸ ਜਤਾਇਆ ਕਿ ਸਰਕਾਰ ਕਿਸਾਨੀ ਮਸਲਿਆਂ ਪ੍ਰਤੀ ਸੰਜੀਦਾ ਨਹੀਂ। ਪਿੰਡਾਂ ’ਚ ਕਿਸਾਨਾਂ ਦੀ ਸਹਾਇਤਾ ਲਈ ਬਣੀਆਂ ਸਹਿਕਾਰੀ ਸਭਾਵਾਂ ਵੀ ਚਿੱਟੇ ਹਾਥੀ ਸਾਬਤ ਹੋ ਰਹੀਆਂ ਹਨ। ਇਨ੍ਹਾਂ ’ਚ ਜਾਂ ਤਾਂ ਮਸ਼ੀਨਰੀ ਨਹੀਂ ਤੇ ਜੇ ਹੈ ਤਾਂ ਉਸ ਨੂੰ ਚਲਾਉਣ ਵਾਲਾ ਕੋਈ ਨਹੀਂ। ਜਿੱਥੇ ਕਿਤੇ ਦੋਵੇਂ ਹਨ, ਉੱਥੇ ਮਸ਼ੀਨਰੀ ਕਿਸਾਨਾਂ ਦੀ ਮੰਗ ਮੁਤਾਬਕ ਨਹੀਂ। ਦੂਸਰੇ ਪਾਸੇ ਮੇਲੇ ਵਿੱਚ ਆਏ ਕੁਝ ਕੁ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਵੱਲੋਂ ਕੀਤੀ ਜਾ ਰਹੀ ਭਾਸ਼ਣਬਾਜ਼ੀ ਵਿੱਚ ਕੋਈ ਬਹੁਤਾ ਵਿਸ਼ਵਾਸ ਨਹੀਂ ਪ੍ਰਗਟਾਇਆ। ਰਾਜਪਾਲ ਬਦਨੌਰ ਦੇ ਆਉਣ ਸਮੇਂ ਵੀ ਪੰਡਾਲ ਦੀਆਂ ਅੱਧੋਂ ਵੱਧ ਕੁਰਸੀਆਂ ਖਾਲੀ ਹੀ ਰਹੀਆਂ। ਇਸ ਤੋਂ ਸਾਫ ਜ਼ਾਹਰ ਹੈ ਕਿ ਕਿਸਾਨ ਖੇਤੀਬਾੜੀ ਯੂਨੀਵਰਸਟੀ ਤੇ ਖੇਤੀਬਾੜੀ ਵਿਭਾਗ ਫਰੀਦਕੋਟ ਤੋਂ ਸੰਤੁਸ਼ਟ ਨਹੀਂ ਹਨ।