ਗਗਨਦੀਪ ਸ਼ਰਮਾ

ਅੰਮ੍ਰਿਤਸਰ: ਸੀਨੀਅਰ ਅਕਾਲੀ ਲੀਡਰ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕੋਈ ਪਤਿਤ ਸਿੱਖ ਨਹੀਂ ਮਿਲ ਸਕਦਾ ਤਾਂ ਫਿਰ ਨਵਜੋਤ ਸਿੱਧੂ ਕਿਵੇਂ ਮਿਲ ਆਇਆ। ਮਜੀਠੀਆ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਤਿਤ ਸਿੱਖਾਂ ਬਾਰੇ ਅਜਿਹਾ ਹੁਕਮ ਬਾਕਾਇਦਾ ਲਿਖਤੀ ਰੂਪ ਵਿੱਚ ਵੀ ਲਾਇਆ ਹੋਇਆ ਹੈ। ਦਰਅਸਲ, ਬੀਤੇ ਦਿਨੀਂ ਨਵਜੋਤ ਸਿੱਧੂ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਨੂੰ ਪੰਥ ਵਿੱਚੋਂ ਛੇਕਣ ਦੀ ਮੰਗ ਕੀਤੀ ਸੀ।

ਮਜੀਠੀਆ ਅੱਜ ਪੰਚਾਇਤੀ ਚੋਣਾਂ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਿਰੁੱਧ ਬੋਲਦਿਆਂ ਕਹਿ ਰਹੇ ਸਨ। ਮਜੀਠੀਆ ਨੇ ਕਿਹਾ ਕਿ ਸਿੱਧੂ ਜੋੜਾ ਵੱਖ-ਵੱਖ ਧਰਮਾਂ ਨੂੰ ਮੰਨਦਾ ਹੈ ਤੇ ਨਵਜੋਤ ਸਿੱਧੂ ਤਾਂ ਖ਼ੁਦ ਪਤਿਤ ਸਿੱਖ ਹੈ, ਇਹ ਦਰਬਾਰ ਸਾਹਿਬ ਕਿਵੇਂ ਜਾ ਸਕਦਾ ਹੈ। ਅੱਗੇ ਮਜੀਠੀਆ ਨੇ ਕਿਹਾ ਕਿ ਅਕਾਲ ਤਖ਼ਤ ਦੇ ਜਥੇਦਾਰ ਦੇ ਦਫ਼ਤਰ ਬਾਹਰ ਸਪੱਸ਼ਟ ਲਿਖਿਆ ਹੋਇਆ ਹੈ ਕਿ ਪਤਿਤ ਸਿੱਖ ਦੀ ਇੱਥੇ ਐਂਟਰੀ ਮਨ੍ਹਾ ਹੈ।

ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਬਿਕਰਮ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਵੀ ਤਿੱਖਾ ਵਿਅੰਗ ਕੀਤਾ। ਮਜੀਠੀਆ ਨੇ ਕਿਹਾ ਕਿ (ਮੁਆਫ਼ੀ ਮੰਗਣ ਤੋਂ ਬਾਅਦ) ਕੇਜਰੀਵਾਲ ਹੁਣ ਮੇਰੇ ਤੋਂ ਪੁੱਛੇ ਬਗੈਰ ਆਪਣੀ ਗੱਡੀ ਵੀ ਸਟਾਰਟ ਨਹੀਂ ਕਰਦਾ ਤੇ ਹੁਣ ਮੈਨੂੰ ਪੁੱਛਦਾ ਫਿਰਦਾ ਹੈ ਕਿ ਮੈਂ ਪਾਰਟੀ ਕਿਵੇਂ ਇਕੱਠੀ ਕਰਾਂ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਮਜੀਠੀਆ ਤੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਸ਼ਾ ਤਸਕਰੀ ਬਾਰੇ ਲਾਏ ਇਲਜ਼ਾਮਾਂ ਕਰਕੇ ਲਿਖਤੀ ਮੁਆਫ਼ੀ ਮੰਗ ਲਈ ਸੀ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਉਥਲ-ਪੁਥਲ ਚੱਲ ਰਹੀ ਹੈ।

ਪੰਚਾਇਤੀ ਚੋਣ ਪ੍ਰਚਾਰ ਵਿੱਚ ਮਜੀਠੀਆ ਨੇ ਪੈਟਰੋਲ ਡੀਜ਼ਲ ਦਾ ਮੁੱਦਾ ਚੁੱਕਦਿਆਂ ਕੇਂਦਰ ਸਰਕਾਰ ਦਾ ਬਚਾਅ ਕੀਤਾ ਤੇ ਪੰਜਾਬ ਸਰਕਾਰ 'ਤੇ ਵੱਧ ਟੈਕਸ ਵਸੂਲਣ ਦੇ ਦੋਸ਼ ਲਾਏ। ਮਜੀਠੀਆ ਨੇ ਕਿਹਾ ਕਿ ਹੁਣ ਜਾਖੜ ਧਰਨੇ ਲਾਉਂਦਾ ਫਿਰਦਾ ਹੈ ਪਰ ਉਹ ਪੰਜਾਬ ਦੀ ਜਨਤਾ ਨੂੰ ਇਹ ਦੱਸੇ ਕਿ ਦੇਸ਼ ਵਿੱਚੋਂ ਸਭ ਤੋਂ ਵੱਧ ਪੈਟਰੋਲ 'ਤੇ 29 ਰੁਪਏ ਤੇ ਡੀਜ਼ਲ 'ਤੇ 17 ਰੁਪਏ ਟੈਕਸ ਕਾਂਗਰਸ ਸਰਕਾਰ ਨੇ ਹੀ ਲਾਇਆ ਹੋਇਆ ਹੈ। ਜੇਕਰ ਸਰਕਾਰ ਚਾਹੇ ਤਾਂ ਅੱਜ ਹੀ ਤੇਲ ਦੇ ਭਾਅ ਦਸ ਰੁਪਏ ਘਟਾ ਸਕਦੀ ਹੈ।