ਮੁਹਾਲੀ: ਆਮ ਆਦਮੀ ਪਾਰਟੀ ਵਿੱਚੋਂ ਕੱਢੇ ਗਏ ਸਾਬਕਾ ਪੰਜਾਬ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦੀ ਘਰ ਵਾਪਸੀ ਲਈ ਸ਼ੁਰੂ ਕੀਤੀਆਂ ਕੋਸ਼ਿਸ਼ਾਂ ਨੂੰ ਅੱਜ ਦਿੱਲੀ ਹਾਈਕਮਾਨ ਦੇ ਦੂਤਾਂ ਨੇ ਅਮਲੀ ਜਾਮਾ ਪਹਿਨਾ ਦਿੱਤਾ ਹੈ। ਵਿਧਾਨ ਸਭਾ ਵਿੱਚ ਨਵੇਂ ਬਣੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਪੰਜਾਬ ਸਹਿ ਪ੍ਰਧਾਨ ਡਾ. ਬਲਵੀਰ ਸਿੰਘ ਸੋਮਵਾਰ ਸਵੇਰੇ ਛੋਟੇਪੁਰ ਨਾਲ ਉਨ੍ਹਾਂ ਦੀ ਮੁਹਾਲੀ ਵਿਚਲੀ ਰਿਹਾਇਸ਼ 'ਤੇ ਮੁਲਾਕਾਤ ਕੀਤੀ।
ਆਮ ਆਦਮੀ ਪਾਰਟੀ ਵਿੱਚ ਛੋਟੇਪੁਰ ਦੀ ਮੁੜ ਵਾਪਸੀ ਲਈ ਰਾਹ ਪੱਧਰਾ ਹੋ ਰਿਹਾ ਹੈ ਤੇ ਕੇਜਰੀਵਾਲ ਦੇ ਨੁਮਾਇੰਦਿਆਂ ਨੇ ਸੰਭਾਵੀ ਤੌਰ 'ਤੇ ਛੋਟੇਪੁਰ ਨੂੰ ਇਸ ਬਾਰੇ ਹੀ ਸੂਚਨਾ ਦਿੱਤੀ ਹੋਵੇਗੀ। ਜ਼ਿਕਰਯੋਗ ਹੈ ਕਿ ਛੋਟੇਪੁਰ ਵਿਰੁੱਧ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਟਿਕਟਾਂ ਦੀ ਖਰੀਦੋ-ਫਰੋਖ਼ਤ ਦਾ ਇਲਜ਼ਾਮ ਲਾ ਕੇ ਪਾਰਟੀ ਵਿੱਚੋਂ ਬਾਹਰ ਦਾ ਰਾਸਤਾ ਦਿਖਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਛੋਟੇਪੁਰ ਨੇ ਆਪਣਾ ਪੰਜਾਬ ਪਾਰਟੀ ਨਾਂ ਦੀ ਵੱਖਰੀ ਪਾਰਟੀ ਵੀ ਬਣਾ ਲਈ ਸੀ।
ਹੁਣ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਲੀਡਰ ਤੋਂ ਹਟਾਏ ਜਾਣ ਤੋਂ ਬਾਅਦ ਪਾਰਟੀ ਗੰਭੀਰ ਸੰਕਟ ਵਿੱਚ ਆ ਗਈ। ਖਹਿਰਾ ਤੇ ਉਨ੍ਹਾਂ ਨਾਲ ਸੱਤ ਵਿਧਾਇਕ ਬਗ਼ਾਵਤ 'ਤੇ ਉੱਤਰ ਆਏ ਤੇ ਖ਼ੁਦਮੁਖ਼ਤਿਆਰੀ ਦੀ ਮੰਗ ਕਰਨ ਲੱਗੇ। ਪਾਰਟੀ ਵਿੱਚ ਵਿਰੋਧੀ ਸੁਰਾਂ ਦਾ ਉੱਠਦਿਆਂ ਹੀ ਦਮਨ ਕਰਨ ਵਾਲੇ ਕੇਜਰੀਵਾਲ ਨੇ ਇਸ ਤੋਂ ਬਾਅਦ ਨਰਮੀ ਦਿਖਾਉਣ ਵਿੱਚ ਹੀ ਭਲਾਈ ਸਮਝੀ ਤੇ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ। ਬੇਸ਼ੱਕ, ਹਾਈਕਮਾਨ ਪੱਖੀ 'ਆਪ' ਦੇ ਪੰਜਾਬ ਲੀਡਰ ਸੁਖਪਾਲ ਖਹਿਰਾ ਵਿਰੁੱਧ ਬੋਲਦੇ ਰਹਿੰਦੇ ਹਨ, ਉੱਥੇ ਹੀ ਕੇਜਰੀਵਾਲ ਖਹਿਰਾ ਦੇ ਮਸਲੇ ਨੂੰ ਪਰਿਵਾਰਕ ਮੱਤਭੇਦ ਦਾ ਨਾਂ ਦੇ ਕੇ ਸੁਲਝਾਉਣ ਦਾ ਦਾਅਵਾ ਕਰਦੇ ਰਹੇ ਹਨ।
ਸੋਮਵਾਰ ਸਵੇਰ ਹੋਈ ਬੈਠਕ ਵਿੱਚ ਡਾ. ਬਲਵੀਰ ਸਿੰਘ ਦਾ ਕਹਿਣਾ ਹੈ ਕਿ ਸਾਡੇ ਦਿਲ ਵਿੱਚ ਛੋਟੇਪੁਰ ਲਈ ਬੜੀ ਇੱਜ਼ਤ ਹੈ ਅਤੇ ਉਨ੍ਹਾਂ ਨਾਲ ਹੋਈ ਮੀਟਿੰਗ ਵਿੱਚ ਪੰਜਾਬ ਦੇ ਹਾਲਾਤ ਬਾਰੇ ਹੀ ਚਰਚਾ ਹੋਈ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਅਸੀਂ ਛੋਟੇਪੁਰ ਨੂੰ ਕਿਸੇ ਅਹੁਦੇ ਦੀ ਪੇਸ਼ਕਸ਼ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਕੋਈ ਆਪਣੀ ਸ਼ਰਤ ਰੱਖੀ ਹੈ। ਇਹ ਇੱਕ ਸਰਸਰੀ ਮਿਲਣੀ ਸੀ।