ਚੰਡੀਗੜ੍ਹ: ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵੱਲੋਂ ਸਪੋਰਟਸ ਅਥਾਰਿਟੀ ਆਫ ਇੰਡੀਆ ਵੱਲੋਂ ਚਲਾਏ ਜਾ ਰਹੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਟਿਊਟ ਆਫ ਸਪੋਰਟਸ ਨੂੰ ਦਿੱਤੇ ਗਏ ਕੀਮਤੀ ਯਾਦਗਾਰੀ ਸਾਮਾਨ ਲਾਪਤਾ ਹੋਣ ਦੀ ਪਟਿਆਲਾ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ। ਐਨਆਈਐਸ ਅਧਿਕਾਰੀਆਂ ਨੇ ਮੰਨਿਆ ਕਿ ਹੋ ਸਕਦਾ ਬਲਬੀਰ ਸਿੰਘ ਦਾ ਯਾਦਗਾਰ ਬਲੇਜ਼ਰ ਚੋਰੀ ਹੋ ਗਿਆ ਹੋਵੇ ਜਾਂ ਲਾਪਤਾ ਹੋਇਆ ਹੋਵੇ।


ਸੂਤਰਾਂ ਮੁਤਾਬਕ ਐਨਆਈਐਸ ਦੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਇੱਥੋਂ ਤੱਕ ਕਿ ਕੁਝ ਸੀਨੀਅਰ ਅਧਿਕਾਰੀਆਂ ਨੇ ਗਲਤੀ ਕਰਨ ਵਾਲੇ ਕਰਮਚਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਸੀ।


ਜ਼ਿਕਰਯੋਗ ਹੈ ਕਿ 93 ਸਾਲਾ ਓਲੰਪੀਅਨ ਨੇ 1985 'ਚ ਮੈਡਲ ਤੇ ਆਪਣਾ ਬਲੇਜ਼ਰ ਦਿੱਲੀ ਦੇ ਮਿਊਜ਼ੀਅਮ 'ਚ ਰੱਖਣ ਲਈ ਪੇਸ਼ ਕੀਤੇ ਸਨ ਪਰ ਸਾਲ 2012 ਦੀਆਂ ਓਲੰਪਿਕਸ ਖੇਡਾਂ ਵੇਲੇ ਐਸਏਆਈ ਨੂੰ ਇਸ ਬਾਰੇ ਜਾਣਕਾਰੀ ਨਹੀਂ ਸੀ ਕਿ ਇਹ ਚੀਜ਼ਾਂ ਕਿੱਥੇ ਹਨ।


ਉਸ ਵੇਲੇ ਡਾਇਰੈਕਟਰ ਜਨਰਲ ਦੀ ਦੇਖ-ਰੇਖ 'ਚ ਇਕ ਕਮੇਟੀ ਬਣਾਈ ਗਈ ਸੀ ਜਿਸਨੇ 2017 'ਚ ਰਿਪੋਰਟ ਜਮ੍ਹਾ ਕਰਵਾਈ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਐਨਆਈਐਸ ਨੇ 1998 'ਚ ਦਿੱਲੀ 'ਚ ਕੁਝ ਚੀਜ਼ਾਂ ਸਵੀਕਾਰ ਕੀਤੀਆਂ ਸਨ ਪਰ ਹੁਣ ਬਲੇਜ਼ਰ ਮਿਊਜ਼ੀਅਮ 'ਚ ਨਹੀਂ।


ਇਸ ਤੋਂ ਬਾਅਦ ਐਨਆਈਐਸ ਨੇ ਸਿਵਿਲ ਲਾਈਨਜ਼ ਨੂੰ 27 ਅਕਤੂਬਰ, 2017 ਨੂੰ ਪੜਤਾਲ ਸਬੰਧੀ ਬੇਨਤੀ ਕੀਤੀ ਸੀ। ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਸ ਸਬੰਧੀ ਪੜਤਾਲ ਕਰਨ ਲਈ ਕਮੇਟੀ ਗਠਿਤ ਕੀਤੀ ਜਾਵੇਗੀ।