ਅਕਾਲੀ ਦਲ ਦੀ ਰੈਲੀ 'ਚ ਪਹੁੰਚਿਆ ਹਥਿਆਰਬੰਦ ਸ਼ਖ਼ਸ ਕੌਣ?
ਏਬੀਪੀ ਸਾਂਝਾ | 16 Sep 2018 02:42 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਸਾਬਕਾ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਫਰੀਦਕੋਟ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਅੱਜ ਹਥਿਆਰਬੰਦ ਸ਼ਖ਼ਸ ਹਮਲਾ ਕਰਨ ਲਈ ਰੈਲੀ ਵਿੱਚ ਆਇਆ ਸੀ। ਉਨ੍ਹਾਂ ਕਿਹਾ ਕਿ ਇੱਕ ਬੰਦੇ ਨੂੰ ਪਿਸਤੌਲ ਸਣੇ ਫੜਿਆ ਹੈ। ਉਹ ਕੋਈ ਹਮਲਾ ਕਰਨ ਦੇ ਮਕਸਦ ਨਾਲ ਆਇਆ ਸੀ। ਉਂਝ ਇਸ ਬਾਰੇ ਮੀਡੀਆ ਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ। ਬਾਦਲ ਦੇ ਮੂੰਹੋਂ ਇਹ ਖੁਲਾਸਾ ਸੁਣ ਕੇ ਸਾਰਿਆਂ ਦੇ ਕੰਨ ਖੜ੍ਹੇ ਹੋ ਗਏ। ਬਾਦਲ ਨੇ ਕਿਹਾ ਕਿ ਜੇਕਰ ਉਨ੍ਹਾਂ ਤੇ ਉਨ੍ਹਾਂ ਦੇ ਬੇਟੇ ਸੁਖਬੀਰ ਬਾਦਲ ਨੂੰ ਗੋਲੀ ਮਾਰ ਵੀ ਦੇਵੇ ਤਾਂ ਕੋਈ ਫਰਕ ਨਹੀਂ ਪਏਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਅਮਨ-ਸ਼ਾਂਤੀ ਲਈ ਆਪਣੀਆਂ ਜਾਨਾਂ ਵਾਰਨ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਨਾ ਕਿਸੇ ਤੋਂ ਡਰਦੇ ਹਨ ਤੇ ਨਾ ਹੀ ਕਿਸੇ ਨੂੰ ਡਰਾਉਂਦੇ ਹਨ। ਬਾਦਲ ਨੇ ਕਿਹਾ ਕਿ ਕਾਂਗਰਸ ਨੇ ਭਰਾ ਮਾਰੂ ਜੰਗ ਛੇੜੀ ਹੈ ਤੇ ਪੰਜਾਬ ਵਿੱਚ ਅਮਨ ਤੇ ਸ਼ਾਂਤੀ ਕਾਇਮ ਰੱਖਣ ਲਈ ਸ਼ਹਾਦਤਾਂ ਦੇਣੀਆਂ ਪੈਣੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਜੇਕਰ ਮੈਨੂੰ ਜਾਂ ਮੇਰੇ ਪੁੱਤਰ ਨੂੰ ਜਾਨ ਦੇਣ ਦੀ ਲੋੜ ਪਈ ਤਾਂ ਅਸੀਂ ਤਿਆਰ ਹਾਂ। ਬਾਦਲ ਨੇ ਰੈਲੀ ਦੌਰਾਨ ਮੁੜ ਜਜ਼ਬਾਤੀ ਪੱਤਾ ਖੇਡਦਿਆਂ ਆਪ੍ਰੇਸ਼ਨ ਬਲੂ ਸਟਾਰ, ਚੁਰਾਸੀ ਦੰਗੇ ਤੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਾਂਗਰਸ ਤੇ ਗਰਮ ਖਿਆਲੀਆਂ ਨੂੰ ਘੇਰਦਿਆਂ ਕਿਹਾ ਕਿ ਇਹ ਪੰਜਾਬ ਨੂੰ ਮੁੜ ਅੱਗ ਲਾਉਣਾ ਚਾਹੁੰਦੇ ਹਨ।