ਚੰਡੀਗੜ੍ਹ: ਪੰਥਕ ਧਿਰਾਂ ਬਾਦਲ ਪਿਉ-ਪੁੱਤ ਖਿਲਾਫ ਡਟ ਗਈਆਂ ਹਨ। ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਖ਼ਿਲਾਫ਼ ਕੀਤੇ ਜਾ ਰਹੇ ਪ੍ਰਚਾਰ ਤੋਂ ਖਫਾ ਸਿੱਖ ਜਥੇਬੰਦੀਆਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੰਗਾਰਿਆ ਹੈ।

 

ਪੰਥਕ ਲੀਡਰਾਂ ਨੇ ਸ਼ਨੀਵਾਰ ਨੂੰ ਇੱਕਜੁੱਟ ਹੋ ਕੇ ਬਾਦਲਾਂ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਬਾਦਲਾਂ ਵਿੱਚ ਹਿੰਮਤ ਹੈ, ਤਾਂ ਉਹ ਸ੍ਰੀ ਹਰਮਿੰਦਰ ਸਾਹਿਬ ਵਿੱਚ ਜਾ ਕੇ ਅਰਦਾਸ ਕਰਕੇ ਦਾਦੂਵਾਲ ’ਤੇ ਇਲਜ਼ਾਮ ਲਾਉਣ। ਇਸ ਅਰਦਾਸ ਵਿੱਚ ਦਾਦੂਵਾਲ ਸਮੇਤ ਸਭ ਪੰਥਕ ਆਗੂ ਸ਼ਾਮਲ ਹੋਣ ਲਈ ਤਿਆਰ ਹਨ।

ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਜਵਾਹਰਕੇ, ਦਲ ਖ਼ਾਲਸਾ ਦੇ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਪੰਥਕ ਸੇਵਾ ਲਹਿਰ ਦੇ ਬਾਬਾ ਪਰਦੀਪ ਸਿੰਘ ਚਾਂਦਪੁਰਾ ਨੇ ਆਖਿਆ ਕਿ ਬਾਦਲ ਆਪਣੇ ਪਾਪਾਂ ਦੇ ਪਰਦਾ ਪਾਉਣ ਲਈ ਬਲਜੀਤ ਸਿੰਘ ਦਾਦੂਵਾਲ ਖ਼ਿਲਾਫ਼ ਝੂਠਾ ਪ੍ਰਚਾਰ ਕਰ ਰਹੇ ਹਨ।

ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਨਾਲ ਨਹੀਂ ਬਲਕਿ ਸ਼੍ਰੋਮਣੀ ਅਕਾਲੀ ਦਲ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲੁਟੇਰਿਆਂ ਤੋਂ ਬਚਾਉਣ ਦੀ ਹੈ। ਲੀਡਰਾਂ ਨੇ ਆਖਿਆ ਕਿ ਕੇਂਦਰ ਸਰਕਾਰ ਹੁਣ ਡੇਰਾ ਸਿਰਸਾ ਨੂੰ ਬਚਾਉਣ ਦੇ ਰਾਹ ਪੈ ਗਈ ਹੈ, ਜਿਸ ਕਰਕੇ ਸੀਬੀਆਈ ਨੇ ਬੇਅਦਬੀ ਮਾਮਲੇ ਵਿੱਚ ਡੇਰਾ ਪ੍ਰੇਮੀਆਂ ਖ਼ਿਲਾਫ਼ ਸਮੇਂ ਸਿਰ ਚਲਾਨ ਪੇਸ਼ ਨਹੀਂ ਕੀਤਾ।

ਲੀਡਰਾਂ ਨੇ ਆਖਿਆ ਕਿ ਸਭ ਸਿਆਸੀ ਧਿਰਾਂ ਮਿਲ ਕੇ ਹੁਣ ਅਗਲੀਆਂ ਚੋਣਾਂ ਦੀ ਤਿਆਰੀ ਵਿਚ ਜੁੱਟ ਗਈਆਂ ਹਨ ,ਜਿਸ ਤਹਿਤ ਡੇਰਾ ਸਿਰਸਾ ਦੀਆਂ ਵੋਟਾਂ ਲਈਆਂ ਸਭ ਤਰਲੋਮੱਛੀ ਹੋ ਰਹੇ ਹਨ। ਉਨ੍ਹਾਂ ਸੀਬੀਆਈ ਦੀ ਭੂਮਿਕਾ ਉੱਪਰ ਵੀ ਸਵਾਲ ਉਠਾਏ ਹਨ।