ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਭਲਕੇ ਪੰਜਾਬ ਆ ਰਹੇ ਹਨ। ਕੇਜਰੀਵਾਲ ਜਲੰਧਰ ਵਿੱਚ ਇੱਕ ਮੀਡੀਆ ਅਦਾਰੇ ਵੱਲੋਂ ਕਰਵਾਏ ਜਾ ਰਹੇ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚ ਰਹੇ ਹਨ। ਉੱਧਰ ਕੇਜਰੀਵਾਲ ਦੀ ਫੇਰੀ ਤੋਂ ਪਹਿਲਾਂ 'ਆਪ' ਪੰਜਾਬ ਦੀਆਂ ਮਹਿਲਾ ਅਹੁਦੇਦਾਰਾਂ ਨੇ ਸੁਖਪਾਲ ਖਹਿਰਾ ਵਿਰੁੱਧ ਮੁੜ ਤੋਂ ਮੋਰਚਾ ਖੋਲ੍ਹ ਦਿੱਤਾ ਹੈ।

ਫਿਲਹਾਲ ਕੇਜਰੀਵਾਰ ਨੇ ਇਸ ਦੌਰੇ ਨੂੰ ਮੀਡੀਆ ਤੋਂ ਦੂਰ ਹੀ ਰੱਖਿਆ ਹੈ। ਉਹ ਤਕਰੀਬਨ 11 ਵਜੇ ਸਵੇਰੇ ਜਲੰਧਰ ਪਹੁੰਚਣਗੇ। ਜ਼ਿਕਰਯੋਗ ਹੈ ਕਿ ਆਮ ਆਮਦੀ ਪਾਰਟੀ ਦੀ ਪੰਜਾਬ ਇਕਾਈ ਦੇ ਸੀਨੀਅਰ ਲੀਡਰਾਂ ਵਿਚਕਾਰ ਛਿੜੀ ਖਿੱਚੋਤਾਣ ਪ੍ਰਤੀ ਕੇਜਰੀਵਾਲ ਨਰਮ ਰੁਖ਼ ਧਾਰ ਚੁੱਕੇ ਹਨ। ਕੇਜਰੀਵਾਲ ਨੇ ਸੁਖਪਾਲ ਖਹਿਰਾ ਦੇ ਨਾਲ-ਨਾਲ ਸਾਰੇ ਰੁੱਸੇ ਲੀਡਰਾਂ ਨੂੰ ਮਨਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ।

ਉੱਧਰ, 'ਆਪ' ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਰਾਜ ਲਾਲੀ ਗਿੱਲ, ਸਹਿ ਪ੍ਰਧਾਨ ਜੀਵਨਜੋਤ ਕੌਰ, ਦੁਆਬਾ ਜ਼ੋਨ ਦੀ ਪ੍ਰਧਾਨ ਰਾਜਵਿੰਦਰ ਕੌਰ, ਮਾਲਵਾ ਜ਼ੋਨ-1 ਦੀ ਪ੍ਰਧਾਨ ਭੁਪਿੰਦਰ ਕੌਰ, ਮਾਲਵਾ ਜ਼ੋਨ-2 ਦੀ ਪ੍ਰਧਾਨ ਰਜਿੰਦਰਪਾਲ ਕੌਰ ਅਤੇ ਮਾਲਵਾ ਜ਼ੋਨ-3 ਦੀ ਪ੍ਰਧਾਨ ਕਰਮਜੀਤ ਕੌਰ ਪਟਿਆਲਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਨੇ ਬੀਤੇ ਕੱਲ੍ਹ ਤਲਵੰਡੀ ਸਾਬੋ 'ਚ ਸਮੁੱਚੇ ਪੰਜਾਬ ਦੇ ਨਾਰੀ ਵਰਗ ਦਾ ਅਪਮਾਨ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਸੁਖਪਾਲ ਖਹਿਰਾ ਵਿਧਾਨ ਸਭਾ ਚੋਣਾਂ ਮੌਕੇ ਔਰਤਾਂ ਦਾ ਸੋਸ਼ਣ ਕਰਨ ਵਾਲੇ ਦੋਸ਼ੀਆਂ ਨੂੰ ਜਨਤਕ ਕਰਨ ਜਾਂ ਫਿਰ ਸਾਰੇ ਨਾਰੀ ਸਮਾਜ ਤੋਂ ਮੁਆਫ਼ੀ ਮੰਗਣ।