ਫ਼ਰੀਦਕੋਟ: ਹਾਈਕੋਰਟ ਦੀ 'ਹਾਂ' ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਹੁੱਬ ਕੇ' ਫ਼ਰੀਦਕੋਟ ਰੈਲੀ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ। ਇੱਥੇ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਤੇ ਬਰਗਾੜੀ ਮੋਰਚੇ 'ਤੇ ਬੈਠੇ ਮੁਤਵਾਜ਼ੀ ਜੱਥੇਦਾਰਾਂ ਨੂੰ ਕਰੜੇ ਹੱਥੀਂ ਲਿਆ। ਹਾਲਾਂਕਿ, ਪੰਜਾਬ ਸਰਕਾਰ ਨੇ ਹਾਈਕੋਰਟ ਦੇ ਇਸ ਫੈਸਲੇ ਨੂੰ ਮੁੜ ਵਿਚਾਰਨ ਦੀ ਬੇਨਤੀ ਕੀਤੀ ਹੈ, ਜਿਸ ਦਾ ਫੈਸਲਾ ਹਾਲੇ ਤਕ ਨਹੀਂ ਹੋਇਆ। ਹਾਈਕੋਰਟ ਵੱਲੋਂ ਹਰੀ ਝੰਡੀ ਮਿਲਣ ਤੋਂ ਬਾਅਦ ਰੈਲੀ ਵਿੱਚ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਸਮੇਤ ਕਈ ਅਕਾਲੀ ਅਤੇ ਬੀਜੀਪੀ ਲੀਡਰ ਪਹੁੰਚ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕੈਪਟਨ ਸਰਕਾਰ ਦੇ ਖਿਲਾਫ ਜੋ ਅਬੋਹਰ ਵਿੱਚ ਰੈਲੀ ਕੀਤੀ ਗਈ ਸੀ ਉਸ ਰੈਲੀ ਨੂੰ ਦੇਖ ਕੇ ਕੈਪਟਨ ਸਰਕਾਰ ਡਰ ਗਈ ਹੈ। ਉਨ੍ਹਾਂ ਅੱਗੇ ਕਿਹਾ ਸੁਨੀਲ ਜਾਖੜ ਨੇ ਬਿਆਨ ਦਿੱਤਾ ਅਕਾਲੀ ਦਲ ਨੂੰ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ ਪਰ ਹੁਣ ਸਰਕਾਰ ਦੀ ਹੀ ਪੋਲ ਖੁੱਲ੍ਹ ਗਈ ਹੈ।
ਸੁਖਬੀਰ ਬਾਦਲ ਨੇ ਕਿਹਾ ਕਿ ਬਰਗਾੜੀ ਵਿੱਚ ਜੋ ਕਾਂਗਰਸ ਦੇ ਜਥੇਦਾਰ ਬੈਠੇ ਹਨ ਉਨ੍ਹਾਂ ਨੇ ਸਰਕਾਰ ਨਾਲ ਰਲ ਕੇ ਅਕਾਲੀ ਦਲ ਦੀ ਰੈਲੀ ਰੱਦ ਕਰਵਾਉਣ ਦੀ ਕੋਸ਼ਿਸ਼ ਤਾਂ ਕੀਤੀ ਪਰ ਹਾਈਕੋਟ ਨੇ ਅਕਾਲੀ ਦਲ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ। ਬਾਦਲ ਨੇ ਭਲਕੇ ਹੋਣ ਵਾਲੀ ਰੈਲੀ ਨੂੰ ਇਤਿਹਾਸਕ ਕਰਾਰ ਦਿੱਤਾ।
ਬਾਦਲ ਨੇ ਮਨਪ੍ਰੀਤ ਬਾਦਲ ਵੱਲੋਂ ਬਖ਼ਤਰਬੰਦ ਗੱਡੀਆਂ ਨਾ ਦੇਣ 'ਤੇ ਉਨ੍ਹਾਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਪ੍ਰੈਸ ਕਾਨਫ਼ਰੰਸ ਵਿੱਚੋਂ ਚਲਦੇ ਬਣੇ। ਜਦਕਿ, ਬੀਤੇ ਕੱਲ੍ਹ ਬਠਿੰਡਾ ਵਿੱਚ ਕੀਤੀ ਪ੍ਰੈਸ ਕਾਨਫ਼ਰੰਸ ਵਿੱਚ ਉਨ੍ਹਾਂ ਇਹ ਕਿਹਾ ਸੀ ਕਿ ਉਨ੍ਹਾਂ ਇਹ ਗੱਡੀਆਂ ਮੰਗੀਆਂ ਹੀ ਨਹੀਂ ਤੇ ਨਾ ਹੀ ਸਾਨੂੰ ਸੁਰੱਖਿਆ ਦੀ ਲੋੜ ਹੈ।