ਇਮਰਾਨ ਖ਼ਾਨ
ਜਲੰਧਰ: ਅਮਰੀਕੀ ਸਿੱਖ ਨੇ ਪਿਛਲੇ ਸਾਲ ਇੱਕ ਸਰਵੇਖਣ ਕੀਤਾ, ਜਿਸ ਦੇ ਨਤੀਜਿਆਂ ਨੇ ਉਸ ਨੂੰ ਬੇਚੈਨ ਕਰ ਦਿੱਤਾ। ਇਸੇ ਬੇਚੈਨੀ ਨੂੰ ਦੂਰ ਕਰਨ ਲਈ ਡਾ. ਰਾਜਵੰਤ ਸਿੰਘ ਨੇ ਗੁਰੂ ਨਾਨਕ ਦੇਵ ਜੀ 'ਤੇ ਦਸਤਾਵੇਜ਼ੀ ਫ਼ਿਲਮ ਬਣਾਉਣ ਦੀ ਠਾਣ ਲਈ, ਜੋ ਅਗਲੇ ਸਾਲ ਗੁਰੂ ਨਾਨਕ ਦੇਵ ਜੀ ਦੇ ਆਉਣ ਵਾਲੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਜਾਰੀ ਕੀਤੀ ਜਾਵੇਗੀ।
ਡਾ. ਰਾਜਵੰਤ ਨੇ 'ਏਬੀਪ ਸਾਂਝਾ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਇੱਕ ਸਾਲ ਪਹਿਲਾਂ ਅਮਰੀਕਾ ਵਿੱਚ ਇੱਕ ਸਰਵੇਖਣ ਕਰਵਾਇਆ, ਜਿਸ ਰਾਹੀਂ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕਿੰਨੇ ਫ਼ੀਸਦੀ ਲੋਕ ਗੁਰੂ ਨਾਨਕ ਦੇਵ ਜੀ ਨੂੰ ਜਾਣਦੇ ਹਨ। ਸਰਵੇਖਣ ਦਾ ਨਤੀਜਾ ਸਿਫ਼ਰ ਆਇਆ। ਇਸ ਤੋਂ ਬਾਅਦ ਡਾ. ਰਜਵੰਤ ਨੇ ਫੈਸਲਾ ਕੀਤਾ ਕਿ ਉਹ ਇਸ ਵਿਸ਼ੇ 'ਤੇ ਡਾਕੂਮੈਂਟਰੀ ਬਣਵਾਉਣਗੇ ਅਤੇ ਪੂਰੇ ਅਮਰੀਕਾ ਵਿੱਚ ਦਿਖਾਉਣਗੇ ਤਾਂ ਜੋ ਉੱਥੋਂ ਦੇ ਲੋਕਾਂ ਨੂੰ ਬਾਬਾ ਨਾਨਕ ਬਾਰੇ ਜਾਣਕਾਰੀ ਮਿਲ ਸਕੇ।
ਉਨ੍ਹਾਂ ਦੱਸਿਆ ਕਿ ਬਾਬਾ ਨਾਨਕ 'ਤੇ ਬਣਾਈ ਦਸਤਾਵੇਜ਼ੀ ਫ਼ਿਲਮ ਇੱਕ ਘੰਟੇ ਦੀ ਹੋਵੇਗੀ। ਇਸ ਫ਼ਿਲਮ ਵਿੱਚ ਵੱਡੇ ਧਰਮ ਗੁਰੂ ਗੁਰੂ ਨਾਨਕ ਬਾਰੇ ਆਪਣੇ ਵਿਚਾਰ ਰੱਖਣਗੇ। ਡਾ. ਰਾਜਵੰਤ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਬਾਰੇ ਡਿਜੀਟਲ ਮੀਡੀਆ ਵਿੱਚ ਬਹੁਤੀ ਸਮੱਗਰੀ ਮੌਜੂਦ ਨਹੀਂ ਹੈ। ਉਨ੍ਹਾਂ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਵਿਦੇਸ਼ਾਂ ਵਿੱਚ ਸਿੱਖਾਂ ਬਾਰੇ ਪਤਾ ਹੀ ਨਾ ਹੋਣ ਕਾਰਨ ਨਸਲੀ ਹਮਲੇ ਹੁੰਦੇ ਹਨ ਅਤੇ ਇਹ ਫ਼ਿਲਮ ਸਿੱਖ ਧਰਮ ਬਾਰੇ ਉੱਥੋਂ ਦੇ ਹੋਰਨਾ ਭਾਈਚਾਰੇ ਦੇ ਲੋਕਾਂ ਨੂੰ ਵੀ ਜਾਗਰੂਕ ਕਰੇਗੀ।
ਡਾ. ਰਜਵੰਤ ਸਿੰਘ ਨੇ ਦੱਸਿਆ ਕਿ ਅਮਰੀਕਾ ਦੀ ਇੱਕ ਵੱਡੀ ਫ਼ਿਲਮ ਨਿਰਮਾਣ ਕੰਪਨੀ ਇਸ ਡਾਕੂਮੈਂਟਰੀ ਨੂੰ ਬਣਾਵੇਗੀ। ਡਾ. ਰਾਜਵੰਤ ਨੇ ਦੱਸਿਆ ਕਿ ਇਹ ਦਸਤਾਵੇਜ਼ੀ ਫ਼ਿਲਮ ਅੰਗ੍ਰੇਜ਼ੀ ਵਿੱਚ ਬਣਾਈ ਜਾਵੇਗੀ ਅਤੇ ਇਸ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਕਿਸੇ ਵੀ ਹਿਸਾਬ ਨਾਲ ਫ਼ਿਲਮਾਇਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਧਰਮ ਗੁਰੂ ਤੇ ਵਿਸ਼ਾ ਮਾਹਰ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਦੱਸਣਗੇ। ਡਾ. ਰਜਵੰਤ ਦਾ ਕਹਿਣਾ ਹੈ ਕਿ ਪੂਰੀ ਦੁਨੀਆ ਨੂੰ ਬਾਬਾ ਨਾਨਕ ਬਾਰੇ ਦੱਸਣ ਦੀ ਲੋੜ ਹੈ।