ਵਾਸ਼ਿੰਗਟਨ: ਅਮਰੀਕਾ ਦੇ ਰੈਡਮੰਡ ਸਥਿਤ ਸੂਚਨਾ ਤੇ ਤਕਨੀਕ ਕੰਪਨੀ ’ਤੇ H1B ਵੀਜ਼ਾ ਧਾਰਕਾਂ ਨੂੰ ਘੱਟ ਤਨਖ਼ਾਹ ਦੇਣ ਕਾਨ ਜ਼ੁਰਮਾਨਾ ਲਾਇਆ ਗਿਆ ਹੈ। ਅਮਰੀਕੀ ਲੇਬਰ ਵਿਭਾਗ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਪੀਪਲ ਟੈਕ ਗਰੁੱਪ ਨਾਂ ਦੀ ਕੰਪਨੀ ਨੇ H1B ਵੀਜ਼ਾ ਧਾਰਕ ਮੁਲਾਜ਼ਮਾਂ ਨੂੰ ਤੈਅ ਤਨਖ਼ਾਹ ਦੇ ਮੁਕਾਬਲੇ ਬੇਹੱਦ ਘੱਟ ਤਨਖ਼ਾਹ ਦੇ ਕੇ H1B ਵੀਜ਼ਾ ਨਿਯਮਾਂ ਦੀ ਉਲੰਘਣਾ ਕੀਤੀ ਹੈ। ਕੰਪਨੀ ਦੇ ਦਫ਼ਤਰ ਵਿੱਚ ਭਾਰਤ ਦੇ ਬੰਗਲੁਰੂ ਤੇ ਹੈਦਰਾਬਾਦ ਵਿੱਚ ਸਥਿਤ ਹਨ। ਜਾਂਚ ਪਿੱਛੋਂ ਪੀਪਲ ਟੈੱਕ ਗਰੁੱਪ ਨੂੰ ਆਪਣੇ 12 ਵਰਕਰਾਂ ਨੂੰ 3,09,914 ਡਾਲਰ ਦਾ ਭਗੁਤਾਨ ਕਰਨ ਲਈ ਕਿਹਾ ਗਿਆ ਹੈ। ਵਿਭਾਗ ਨੇ ਕੰਪਨੀ ’ਤੇ 45,564 ਡਾਲਰ ਦਾ ਜ਼ੁਰਮਾਨਾ ਵੀ ਲਾਇਆ ਹੈ।
ਵਿਭਾਗ ਦਾ ਕਹਿਣਾ ਹੈ ਕਿ ਕੰਪਨੀ ਨੇ ਇਨ੍ਹਾਂ ਵਰਕਰਾਂ ਨੂੰ ਅਨੁਭਵਹੀਣ ਵਰਕਰਾਂ ਜਿੰਨੀ ਤਨਖ਼ਾਹ ਦਿੱਤੀ ਜਦਕਿ ਉਹ ਬੇਹੱਦ ਅਨੁਭਵੀ ਸਨ ਤੇ ਹੁਨਰਮੰਦ ਵਰਕਰਾਂ ਦੇ ਸਮਾਨ ਕੰਮ ਕਰ ਰਹੇ ਸਨ। ਇਸ ਲਈ ਉਨ੍ਹਾਂ ਨੂੰ ਵਧੇਰੇ ਤਨਖ਼ਾਹ ਮਿਲਣੀ ਚਾਹੀਦੀ ਸੀ। ਕੰਪਨੀ ਨੇ ਮੁਲਾਜ਼ਮਾਂ ਨੂੰ ਉਸ ਸਮੇਂ ਦੀ ਤਨਖ਼ਾਹ ਨਹੀਂ ਦਿੱਤੀ ਜਦੋਂ ਉਨ੍ਹਾਂ ਨੂੰ ਕੋਈ ਕੰਮ ਨਹੀਂ ਦਿੱਤਾ ਗਿਆ ਸੀ। ਕਾਨੂੰਨ ਮੁਤਾਬਕ ਮੁਲਾਜ਼ਮਾਂ ਨੂੰ ਉਸ ਸਮੇਂ ਦੀ ਤਨਖ਼ਾਹ ਵੀ ਮਿਲਣੀ ਚਾਹੀਦੀ ਸੀ।
ਇਹ ਇੱਕ ਤਰ੍ਹਾਂ ਦਾ ਗੈਰ ਪ੍ਰਵਾਸੀ ਵੀਜ਼ਾ ਹੈ। ਇਹ ਕੁਸ਼ਲ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਅਮਰੀਕਾ ਵਿੱਚ ਕਮੀ ਹੋਏ। ਇਹ ਵੀਜ਼ਾ ਇਨ੍ਹਾਂ ਕਰਮਚਾਰੀਆਂ ਨੂੰ ਅਮਰੀਕਾ ’ਚ ਕੰਮ ਕਰਨ ਲਈ ਦਿੱਤਾ ਜਾਂਦਾ ਹੈ। ਇਸ ਵੀਜ਼ੇ ਦੀ ਮਿਆਦ 6 ਸਾਲਾਂ ਤਕ ਹੁੰਦੀ ਹੈ। ਵੀਜ਼ੇ ਦੇ 5 ਸਾਲ ਪੂਰੇ ਹੋਣ ’ਤੇ ਅਮਰੀਕਾ ਦੀ ਸਥਾਈ ਨਾਗਰਿਕਤਾ ਲਈ ਅਪਲਾਈ ਕੀਤਾ ਜਾ ਸਕਦਾ ਹੈ।