ਜਲੰਧਰ: ਇੱਥੋਂ ਦੇ ਮਕਸੂਦਾਂ ਥਾਣੇ ਵਿੱਚ ਹੋਏ ਧਮਾਕਿਆਂ ਨੂੰ 24 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਦੇ ਹੱਥ ਖਾਲੀ ਹੀ ਹਨ। ਅੱਜ ਪੂਰਾ ਦਿਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮਾਮਲੇ ਦੀ ਜਾਂਚ ਕਰਦੀ ਰਹੀਆਂ ਪਰ ਕੁਝ ਹਾਸਿਲ ਨਹੀਂ ਹੋਇਆ। ਜਲੰਧਰ ਤੋਂ ਬਾਅਦ ਚੰਡੀਗੜ੍ਹ ਦੀ ਫਾਰੇਂਸਿਕ ਟੀਮ ਨੇ ਵੀ ਮੌਕੇ ਦਾ ਮੁਆਇਨਾ ਕੀਤਾ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਵਿੱਚ ਐਨਐਸਜੀ ਨੂੰ ਵੀ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਗਿਆ।
ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਬਣੇ ਥਾਣੇ ਵਿੱਚ ਇੱਕ-ਇੱਕ ਕਰਕੇ ਲਗਾਤਾਰ ਹੋਏ ਚਾਰ ਧਮਾਕਿਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਵਾਰਦਾਤ ਦੇ 24 ਘੰਟੇ ਬਾਅਦ ਤੱਕ ਇਹ ਵੀ ਨਹੀਂ ਪਤਾ ਲੱਗ ਸਕਿਆ ਹੈ ਕਿ ਆਖਿਰ ਕਿੰਨੇ ਲੋਕ ਥਾਣੇ ਵਿੱਚ ਆਏ ਅਤੇ 'ਬੰਬ' ਸੁੱਟ ਕੇ ਭੱਜ ਗਏ। ਜਿਸ ਵਕਤ ਇਹ ਹਾਦਸਾ ਹੋਇਆ ਥਾਣੇ ਦੇ ਮੁਖੀ ਮੁਲਾਜ਼ਮਾਂ ਨਾਲ ਮੀਟਿੰਗ ਕਰ ਰਹੇ ਸਨ।
ਕਿੱਥੇ-ਕਿੱਥੇ ਸੁੱਟੇ ਗਏ ਬੰਬ
ਪਹਿਲਾ ਧਮਾਕਾ ਥਾਣੇ ਦੇ ਗੇਟ 'ਤੇ ਹੋਇਆ
ਦੂਜਾ ਐਸਐਚਓ ਦੇ ਕਮਰੇ ਦੇ ਬਾਹਰ
ਤੀਜਾ ਧਮਾਕਾ ਥਾਣੇ ਦੇ ਪਿਛਲੇ ਪਾਸੇ ਹੋਇਆ
ਚੌਥਾ ਧਮਾਕਾ ਮਾਲ ਖਾਣੇ ਦੇ ਬਾਹਰ ਹੋਇਆ
ਘੱਟ ਅਸਰ ਵਾਲੇ ਇਨ੍ਹਾਂ ਚਾਰ ਧਮਾਕਿਆਂ ਬਾਰੇ ਪੁਲਿਸ ਨੂੰ ਭਾਵੇਂ ਫਿਲਹਾਲ ਬਹੁਤਾ ਕੁਝ ਖ਼ਾਸ ਪਤਾ ਨਹੀਂ ਲੱਗਾ। ਹੁਣ ਅਜਿਹਾ ਜ਼ਰੂਰ ਲੱਗ ਰਿਹਾ ਹੈ ਕਿ ਇਹ ਧਮਾਕੇ ਜ਼ਿਆਦਾ ਨੁਕਸਾਨ ਕਰਨ ਲਈ ਨਹੀਂ ਸਗੋਂ ਦਹਿਸ਼ਤ ਫੈਲਾਉਣ ਲਈ ਕੀਤੇ ਗਏ ਸਨ।