ਚੰਡੀਗੜ੍ਹ: ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਭਾਰਤ ਤੋਂ ਵਿਸ਼ੇਸ਼ ਤੌਰ 'ਤੇ ਸਿੱਖ ਸੰਗਤ ਪਾਕਿਸਤਾਨ ਰਵਾਨਾ ਹੋਵੇਗੀ। ਇਸ ਦੇ ਮੱਦੇਨਜ਼ਰ ਪਾਕਿਸਤਾਨ ਸਰਕਾਰ ਵੱਲੋਂ ਵਿਸ਼ੇਸ਼ ਤੌਰ 'ਤੇ ਭਾਰਤ ਤੋਂ ਜਾ ਰਹੀ ਸਿੱਖ ਸੰਗਤ ਲਈ ਉਚੇਚੇ ਪ੍ਰਬੰਧ ਕੀਤੇ ਹਨ। ਪ੍ਰਕਾਸ਼ ਪੂਰਬ ਦੇ ਸਮਾਗਮ ਸਬੰਧੀ ਭਾਰਤ ਤੋਂ ਸਿੱਖ ਸ਼ਰਧਾਲੂ 21 ਨਵੰਬਰ ਨੂੰ ਵਿਸ਼ੇਸ਼ ਰੇਲਗੱਡੀ ਰਾਹੀਂ ਵਾਹਘਾ ਸਟੇਸ਼ਨ ਰਾਹੀਂ ਨਨਕਾਣਾ ਸਾਹਿਬ ਪਹੁੰਚਣਗੇ।
ਇਸ ਤੋਂ ਬਾਅਦ 22 ਨਵੰਬਰ ਨੂੰ ਸਿੱਖ ਸੰਗਤ ਫਾਰੂਕਾਬਾਦ ਸਥਿਤ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕਰੇਗੀ ਤੇ ਵਾਪਸ ਨਨਕਾਣਾ ਸਾਹਿਬ ਪਰਤ ਆਵੇਗੀ। 23 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਬ ਸਬੰਧੀ ਉਨ੍ਹਾਂ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਜਾਣਗੇ।
ਅਗਲੇ ਪੜਾਅ 'ਚ ਸੰਗਤ ਨਨਕਾਣਾ ਸਾਹਿਬ ਤੋਂ ਹਸਨਅਬਦਾਲ ਵਿਖੇ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨਾਂ ਲਈ ਸਪੇਸ਼ਲ ਰੇਲ ਰਾਹੀਂ ਰਵਾਨਾ ਹੋਵੇਗੀ। ਇਸ ਦੌਰਾਨ 25 ਨਵੰਬਰ ਨੂੰ ਵੀ ਸੰਗਤ ਦੇ ਠਹਿਰਣ ਦਾ ਪ੍ਰਬੰਧ ਪੰਜਾ ਸਾਹਿਬ ਵਿਖੇ ਹੀ ਹੋਵੇਗਾ।
ਇਸ ਤੋਂ ਬਾਅਦ 26 ਨਵੰਬਰ ਨੂੰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਦਰਸ਼ਨਾਂ ਲਈ ਸਪੇਸ਼ਲ ਟਰੇਨ ਦਾ ਇੰਤਜ਼ਾਮ ਹੋਵੇਗਾ। 27 ਨਵੰਬਰ ਨੂੰ ਸਿੱਖ ਸੰਗਤ ਦੇ ਠਹਿਰਣ ਦਾ ਪ੍ਰਬੰਧ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਹੀ ਹੋਵੇਗਾ।
28 ਨਵੰਬਰ ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ, ਨਾਰੋਵਾਲ ਤੇ ਗੁਰਦੁਆਰਾ ਰੋੜੀ ਸਾਹਿਬ ਐਮਿਨਾਬਾਦ, ਜ਼ਿਲ੍ਹਾ ਗੁਜਰਾਂਵਾਲਾ ਦੀ ਯਾਤਰਾ ਕੀਤੀ ਜਾਵੇਗੀ। ਉਪਰੰਤ ਲਾਹੌਰ ਵਾਪਸੀ ਹੋਵੇਗੀ।
29 ਨਵਬੰਰ ਨੂੰ ਆਖਰੀ ਪੜਾਅ ਫਿਰ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਵਿਖੇ ਹੋਵੇਗਾ ਤੇ 30 ਨਵੰਬਰ ਨੂੰ ਸਿੱਖ ਸੰਗਤ ਵਾਹਘਾ ਰੇਲਵੇ ਸਟੇਸ਼ਨ ਰਾਹੀਂ ਭਾਰਤ ਵਾਪਸ ਪਰਤੇਗੀ।