ਅੰਮ੍ਰਿਤਸਰ: ਸ਼ਹਿਰ ਦੇ ਪ੍ਰਸਿੱਧ ਗੁਰੂ ਬਾਜ਼ਾਰ ਦੇ ਚੌਰਸਤੀ ਅਟਾਰੀ ਚੌਕ ਵਿੱਚ ਇੱਕ ਪੰਜ ਹਥਿਆਰਬੰਦ ਲੁਟੇਰਿਆਂ ਨੇ ਗਹਿਣਿਆਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਲੁਟੇਰੇ ਦੁਕਾਨ ਵਿੱਚੋਂ ਸੋਨੇ ਤੇ ਹੀਰਿਆਂ ਦੇ ਗਹਿਣਿਆਂ ਦੇ ਨਾਲ-ਨਾਲ ਨਕਦੀ ਵੀ ਲੁੱਟ ਕੇ ਲੈ ਗਏ। ਲੁੱਟ ਦੀ ਕੁੱਲ ਰਕਮ ਛੇ ਕਰੋੜ ਤੋਂ ਵੱਧ ਦੀ ਦੱਸੀ ਜਾਂਦੀ ਹੈ।

ਸ਼ਨੀਵਾਰ ਸ਼ਾਮ ਤਕਰੀਬਨ ਸਾਢੇ ਕੁ ਛੇ ਵਜੇ ਲੁਟੇਰੇ ਗਾਹਕ ਬਣ ਕੇ ਪ੍ਰੇਮ ਕੁਮਾਰ ਐਂਡ ਸੰਨਜ਼ ਜਵੈਲਰਜ਼ ਸ਼ਾਪ `ਤੇ ਪਹੁੰਚੇ। ਉਨ੍ਹਾਂ ਹਥਿਆਰਾਂ ਦੀ ਨੋਕ 'ਤੇ ਦੁਕਾਨ ਵਿੱਚ ਪਏ ਗਹਿਣਿਆਂ ਦੀ ਲੁੱਟ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਇੱਕ ਲੁਟੇਰੇ ਨੇ ਡਰਾਉਣ ਲਈ ਫਾਇਰਿੰਗ ਵੀ ਕੀਤੀ। ਡਾਕਾ ਮਾਰਨ ਤੋਂ ਬਾਅਦ ਲੁਟੇਰਿਆਂ ਨੇ ਦੁਕਾਨ ਦੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਵਾਲਾ ਡੀਵੀਆਰ ਵੀ ਨਾਲ ਈ ਲੈ ਗਏ ਅਤੇ ਬਾਜ਼ਾਰ ਵਿੱਚ ਗੋਲੀਆਂ ਚਲਾਉਂਦੇ ਹੋਏ ਫਰਾਰ ਹੋ ਗਏ।

ਬਾਜ਼ਾਰ ਵਿੱਚ ਗੋਲ਼ੀਆਂ ਚਲਾਉਣ ਵੇਲੇ ਕੁਝ ਲੁਟੇਰੇ ਹੋਰ ਦੁਕਾਨਾਂ 'ਤੇ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ। ਗੁਰੂ ਬਾਜ਼ਾਰ ਜਵੈਲਰੀ ਕਮੇਟੀ ਦੇ ਪ੍ਰਧਾਨ ਅਸ਼ਵਨੀ ਕਾਲੇ ਸ਼ਾਹ ਨੇ ਦੱਸਿਆ ਕਿ ਦੁਕਾਨ ਤੋਂ ਕੁੱਲ 7 ਕਰੋੜ ਦੇ ਗਹਿਣੇ ਤੇ ਨਕਦੀ ਲੁੱਟੀ ਗਈ ਹੈ।

ਏਡੀਸੀਪੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਚਾਰ-ਪੰਜ ਲੁਟੇਰਿਆਂ ਨੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ ਅਤੇ ਪੁਲਿਸ ਵੱਖ-ਵੱਖ ਦੀਆਂ ਟੀਮਾਂ ਬਣਾ ਕੇ ਲੁਟੇਰਿਆਂ ਦੀ ਭਾਲ ਕਰ ਰਹੀ ਹੈ। ਲੁੱਟ ਦੀ ਅਸਲ ਰਕਮ ਲਈ ਪੁਲਿਸ ਦੁਕਾਨ ਮਾਲਿਕ ਦੇ ਸਟਾਕ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਦੱਸਿਆ ਜਾ ਸਕੇਗਾ ਕਿ ਕਿੰਨੀ ਲੁੱਟ ਹੋਈ ਹੈ।