ਫ਼ਰੀਦਕੋਟ: ਕਾਨੂੰਨੀ ਲੜਾਈ ਲੜ ਕੇ ਰੈਲੀ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਨੂੰ ਖ਼ੂਬ ਰਗੜੇ ਲਾਏ। ਰੈਲੀ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ-ਨਾਲ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਹੋਰ ਲੀਡਰਾਂ ਦਾ ਪੂਰਾ ਜ਼ੋਰ ਕਾਂਗਰਸ ਵਿਰੁੱਧ ਬੋਲਣ 'ਤੇ ਲੱਗਾ ਰਿਹਾ। ਇੱਥੇ ਇੱਕ ਵਾਰ ਫਿਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਲਈ ਆਪਣੀ ਤੇ ਆਪਣੇ ਪੁੱਤਰ ਦੀ ਕੁਰਬਾਨੀ ਦੇਣ ਦੀ ਗੱਲ ਕਹੀ।
ਬਾਦਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ਨੂੰ ਵਾਰ-ਵਾਰ ਸਿੱਖ ਤੇ ਪੰਜਾਬ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਇੰਦਰਾ ਗਾਂਧੀ ਨੇ ਸਾਡਾ ਪਾਣੀ ਵੀ ਖੋਹ ਲਿਆ, ਨਾਲੇ ਰਾਜਧਾਨੀ ਵੀ ਖੋਹ ਲਈ ਤੇ ਪੰਜਾਬੀ ਬੋਲਦੇ ਇਲਾਕੇ ਵੀ ਨਹੀਂ ਦਿੱਤੇ। ਬਾਦਲ ਨੇ ਕਿਹਾ ਕਿ ਕਾਂਗਰਸ ਨੇ ਭਰਾ ਮਾਰੂ ਜੰਗ ਛੇੜੀ ਹੈ ਤੇ ਪੰਜਾਬ ਵਿੱਚ ਅਮਨ ਤੇ ਸ਼ਾਂਤੀ ਕਾਇਮ ਰੱਖਣ ਲਈ ਸ਼ਹਾਦਤਾਂ ਦੇਣੀਆਂ ਪੈਣੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਜੇਕਰ ਮੈਨੂੰ ਜਾਂ ਮੇਰੇ ਪੁੱਤਰ ਨੂੰ ਜਾਨ ਦੇਣ ਦੀ ਲੋੜ ਪਈ ਤਾਂ ਅਸੀਂ ਤਿਆਰ ਹਾਂ। ਜ਼ਿਕਰਯੋਗ ਹੈ ਕਿ ਸਾਬਕਾ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਭਾਸ਼ਣ ਦੌਰਾਨ ਦਾਅਵਾ ਕੀਤਾ ਸੀ ਕਿ ਅੱਜ ਹਥਿਆਰਬੰਦ ਸ਼ਖ਼ਸ ਹਮਲਾ ਕਰਨ ਲਈ ਰੈਲੀ ਵਿੱਚ ਆਇਆ ਸੀ ਤੇ ਇੱਕ ਬੰਦੇ ਨੂੰ ਪਿਸਤੌਲ ਸਣੇ ਫੜਿਆ ਹੈ। ਮੀਡੀਆ ਨੂੰ ਇਸ ਦਾ ਪਤਾ ਨਹੀਂ ਸੀ, ਪਰ ਬਾਦਲ ਮੂੰਹੋਂ ਸੁਣ ਸਭ ਹੈਰਾਨ ਰਹਿ ਗਏ। ਇਸ ਖੁਲਾਸੇ ਤੋਂ ਬਾਅਦ ਹੀ ਬਾਦਲ ਨੇ ਕੁਰਬਾਨੀ ਵਾਲੀ ਗੱਲ ਕਹੀ।
ਜਿੱਥੇ ਬਾਦਲ ਨੇ ਕਾਂਗਰਸ 'ਤੇ ਨਿਸ਼ਾਨੇ ਲਾਏ ਉੱਥੇ ਹੀ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਜੰਮ ਕੇ ਭੜਾਸ ਕੱਢੀ। ਸੁਖਬੀਰ ਨੇ ਕੈਪਟਨ ਦੀ ਵਿਧਾਨ ਸਭਾ ਵਿੱਚ ਸਾਬਕਾ ਮੁੱਖ ਮੰਤਰੀ ਬਾਦਲ ਵਿਰੁੱਧ ਮੰਦੀ ਸ਼ਬਦਾਵਲੀ ਦਾ ਦੋਸ਼ ਲਾਉਂਦਿਆਂ ਕਾਫੀ ਆਲੋਚਨਾ ਕੀਤੀ। ਬਾਦਲ ਨੇ ਕੈਪਟਨ ਦੇ ਚਰਿੱਤਰ ਤੇ ਮੁੱਖ ਮੰਤਰੀ ਵਜੋਂ ਉਨ੍ਹਾਂ ਦੀ ਕਾਰਗੁਜ਼ਾਰੀ 'ਤੇ ਉਂਗਲ ਚੁੱਕਦਿਆਂ ਪ੍ਰਕਾਸ਼ ਸਿੰਘ ਦੀ ਬਾਦਲ ਦੀ ਖ਼ੂਬ ਸ਼ਲਾਘਾ ਕੀਤੀ।
ਸੁਖਬੀਰ ਬਾਦਲ ਤੇ ਉਨ੍ਹਾਂ ਦੇ ਰਿਸ਼ਤੇਦਾਰ ਬਿਕਰਮ ਮਜੀਠੀਆ ਨੇ ਬਰਗਾੜੀ ਵਿੱਚ ਮੋਰਚੇ 'ਤੇ ਬੈਠੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ 'ਤੇ ਵੀ ਕਈ ਤਿੱਖੇ ਵਾਰ ਕੀਤੇ। ਬਾਦਲ ਨੇ ਜਿੱਥੇ ਦਾਦੂਵਾਲ ਵੱਲੋਂ ਬੀਤੇ ਦਿਨੀਂ 35 ਲੱਖ ਰੁਪਏ ਦੀ ਰਜਿਸਟਰੀ ਕਰਵਾਏ ਜਾਣ ਦਾ ਦਾਅਵਾ ਕਰਦਿਆਂ ਸਵਾਲ ਕੀਤਾ ਕਿ ਉਨ੍ਹਾਂ (ਦਾਦੂਵਾਲ) ਕੋਲ ਇਹ ਪੈਸੇ ਕਿੱਥੋਂ ਆਏ।
ਉੱਧਰ ਮਜੀਠਿਆ ਮੁਤਵਾਜ਼ੀ ਜਥੇਦਾਰ ਦਾ ਮਜ਼ਾਕ ਉਡਾਉਂਦਿਆਂ 'ਡੱਡੂਵਾਲ' ਤਕ ਕਹਿ ਦਿੱਤਾ। ਮਜੀਠੀਆ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਤੇ ਸੁਨੀਲ ਜਾਖੜ 'ਤੇ ਵੀ ਕਈ ਨਿਸ਼ਾਨੇ ਲਾਏ। ਸਾਰੇ ਅਕਾਲੀ ਲੀਡਰਾਂ ਨੇ ਰੈਲੀ ਦੀ ਆਗਿਆ ਦੇਣ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਧੰਨਵਾਦ ਵੀ ਕੀਤਾ।