ਜਲੰਧਰ: ਸ਼ੁੱਕਰਵਾਰ ਰਾਤ ਇੱਕ ਨਾਬਾਲਗ਼ ਨੂੰ ਕਾਰ ਦਾ ਸ਼ੀਸ਼ਾ ਤੋੜ ਕੇ ਲੈਪਟਾਪ ਚੋਰੀ ਕਰਦਿਆਂ ਰੰਗੇ ਹੱਥੀਂ ਫੜਿਆ ਗਿਆ ਹੈ। ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋਈ ਜਿਸ ਤੋਂ ਸਾਫ ਦਿਖ ਰਿਹਾ ਹੈ ਕਿ ਕਿੰਨੀ ਚਤੁਰਾਈ ਨਾਲ ਨਾਬਾਲਗ ਨੇ 5 ਰੁਪਏ ਦੇ ਸਿੱਕੇ ਨਾਲ ਕਾਰ ਦਾ ਸ਼ੀਸ਼ਾ ਤੋੜਿਆ ਤੇ ਖਿੜਕੀ ਜ਼ਰੀਏ ਕਾਰ ਵਿੱਚੋਂ ਲੈਪਟਾਪ ਬੈਗ ਲੈ ਕੇ ਚਲਦਾ ਬਣਿਆ। ਇੱਕ ਨੌਜਵਾਨ ਨੇ ਉਸ ਨੂੰ ਰੰਗੇ ਹੱਥੀਂ ਕਾਬੂ ਵੀ ਕਰ ਲਿਆ।
ਜਲੰਧਰ ਸ਼ਕਤੀ ਨਗਰ ਦੇ ਰਹਿਣ ਵਾਲੇ ਕਾਰ ਮਾਲਕ ਮਨੋਜ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਉਸ ਨੇ ਲਵਲੀ ਸੈਨੀਟੇਸ਼ਨ ਕੋਲ ਕਾਰ ਪਾਰਕ ਕੀਤੀ ਹੋਈ ਸੀ। ਕੰਮ ਨਿਪਟਾ ਕੇ ਜਦੋਂ ਉਹ ਵਾਪਸ ਆਇਆ ਤਾਂ ਵੇਖਿਆ ਕਿ ਕਾਰ ਦੀ ਸ਼ੀਸ਼ਾ ਟੁੱਟਾ ਹੋਇਆ ਸੀ।
ਇਸ ਦੇ ਬਾਅਦ ਉਸ ਨੂੰ ਪਤਾ ਲੱਗਾ ਕਿ ਕਿਸੇ ਨਾਬਾਲਗ ਨੂੰ ਲੈਪਟਾਪ ਨਾਲ ਕਾਬੂ ਕੀਤਾ ਗਿਆ ਹੈ। ਆਸਪਾਸ ਦੇ ਸੀਸੀਟੀਵੀ ਤੋਂ ਸਾਰੀ ਘਟਨਾ ਬਾਰੇ ਪਤਾ ਲੱਗਾ। ਬੱਚਾ ਕਾਰ ਵਿੱਚੋਂ ਲੈਪਟਾਪ ਚੋਰੀ ਕਰਕੇ ਭੱਜ ਹੀ ਰਿਹਾ ਸੀ ਕਿ ਇੱਕ ਨੌਜਵਾਨ ਨੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਨੇ ਘਟਨਾ ਸਬੰਧੀ ਸੀਸੀਟੀਵੀ ਬਰਾਮਦ ਕਰ ਲਿਆ ਹੈ।