ਚੰਡੀਗੜ੍ਹ: ਅੱਜ ਪੱਟੀ ਨੇੜਲੇ ਪਿੰਡ ਠੱਕਰਵਾਲ ਵਿਖੇ ਚਰਚ 'ਚ ਵਾਪਰੀ ਬੇਅਦਬੀ ਦੀ ਘਟਨਾ ਮਗਰੋਂ ਈਸਾਈ ਭਾਈਚਾਰੇ 'ਚ ਭਾਰੀ ਰੋਸ ਹੈ।ਬੇਅਦਬੀ ਦੀ ਇਸ ਘਟਨਾ 'ਤੇ ਗੱਲਬਾਤ ਕਰਦੇ ਹੋਏ ਪੰਜਾਬ ਕ੍ਰਿਸਚਨ ਮੂਵਮੈਂਟ ਦੇ ਪ੍ਰਧਾਨ ਹਮੀਦ ਮਸੀਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 'ਤੇ ਗੰਭੀਰ ਇਲਜ਼ਾਮ ਲਾਏ ਹਨ।


ਏਬੀਪੀ ਸਾਂਝਾ ਨਾਲ ਗੱਲ ਕਰਦੇ ਹੋਏ ਹਮੀਦ ਮਸੀਹ ਨੇ ਕਿਹਾ, "ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਦੀ ਮੈਂ ਕਰੜੇ ਸ਼ਬਦਾਂ 'ਚ ਨਿਖੇਧੀ ਕਰਦਾ ਹਾਂ।" ਉਨ੍ਹਾਂ ਕਿਹਾ ਕਿ ਇਹ ਸਭ ਧਰਮ ਪਰਿਵਰਤਨ ਦੇ ਨਾਮ 'ਤੇ ਕੀਤਾ ਜਾ ਰਿਹਾ ਹੈ। ਜਾਣਬੁਝ ਕੇ ਧਰਮ ਪਰਿਵਰਤਨ ਨੂੰ ਮੁੱਦਾ ਬਣਾਇਆ  ਜਾ ਰਿਹਾ ਹੈ।ਹਮੀਦ ਮਸੀਹ ਨੇ ਕਿਹਾ ਕਿ ਇਹ ਧਰਮ ਪਰਿਵਰਤਨ ਦਾ ਛੜਯੰਤਰ ਰੱਚ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ 'ਤੇ ਇਲਜ਼ਾਮ ਲਾਉਂਦੇ ਹੋਏ ਕਿਹਾ ਕਿ ਜਥੇਦਾਰ ਦੇ ਬਿਆਨ ਕਾਰਨ ਹੀ ਅਜਿਹੀ ਘਟਨਾ ਵਾਪਰੀ ਹੈ। ਹਮੀਦ ਨੇ ਕਿਹਾ ਕਿ ਪੰਜਾਬ ਨੂੰ ਛੱਡ ਉਤਰ ਭਾਰਤ 'ਚ RSS ਦਾ ਦਬਦਬਾ ਹੈ।ਇਸ ਲਈ ਪੰਜਾਬ ਵਿੱਚ ਵੀ ਆਪਣਾ ਕਬਜ਼ਾ ਜਮਾਉਣ ਲਈ RSS ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਮੋਹਰਾ ਬਣਾਇਆ ਹੈ।


ਧਰਮ ਪਰਿਵਰਤਨ 'ਤੇ ਬੋਲਦੇ ਹੋਏ ਹਮੀਦ ਮਸੀਹ ਨੇ ਕਿਹਾ ਕਿ ਇਹ ਸਭ ਝੂਠ ਫੈਲਾਇਆ ਜਾ ਰਿਹਾ ਹੈ।ਕੋਈ ਵੀ ਕਿਸੇ ਨੂੰ ਜ਼ਬਰੀ ਧਰਮ ਪਰਿਵਰਤਨ ਨਹੀਂ ਕਰਵਾ ਰਿਹਾ।ਉਨ੍ਹਾਂ ਕਿਹਾ ਕਿ 1990 ਦੀ ਜਨਗਣਨਾ ਅਨੁਸਾਰ ਪੰਜਾਬ 'ਚ ਈਸਾਈਆਂ ਦੀ ਗਿਣਤੀ 2.5 ਫੀਸਦੀ ਸੀ ਜੋ ਸੰਨ 2000 'ਚ ਘੱਟ ਕੇ 1.95 ਫੀਸਦੀ ਰਹਿ ਗਈ, ਜਦਕਿ 2010 ਵਿੱਚ ਹੋਰ ਘੱਟ ਕੇ 1.25 ਫੀਸਦੀ ਹੀ ਰਹਿ ਗਈ।


ਉਨ੍ਹਾਂ ਕਿਹਾ ਕਿ ਜੇਕਰ ਧਰਮ ਪਰਿਵਰਤਨ ਹੋ ਰਿਹਾ ਹੁੰਦਾ ਤਾਂ ਈਸਾਈਆਂ ਦੀ ਗਿਣਤੀ ਦਿਨੋਂ ਦਿਨ ਘੱਟਣ ਦੀ ਬਜਾਏ ਵੱਧ ਜਾਂਦੀ।ਉਨ੍ਹਾਂ ਕਿਹਾ ਕਿ ਇਹ ਝੂਠ ਫੈਲਾਇਆ ਜਾ ਰਿਹਾ ਹੈ ਕਿ ਪੈਸੇ ਦੇ ਕਿ ਧਰਮ ਪਰਿਵਰਤਨ ਕੀਤਾ ਜਾ ਰਿਹਾ।ਇਹ ਇੱਕ ਸੋਚੀ ਸਮਝੀ ਸਾਜਿਸ਼ ਹੈ ਜਿਸ ਤਹਿਤ ਈਸਾਈ ਭਾਈ ਚਾਰੇ ਨੂੰ ਦੇਸ਼ ਦੁਨੀਆ 'ਚ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 


ਜ਼ਿਕਰਯੋਗ ਹੈ ਕਿ ਬੀਤੇ ਦਿਨ ਗਿਆਨੀ ਹਰਪ੍ਰੀਤ ਸਿੰਘ ਨੇ ਜ਼ਬਰੀ ਧਰਮ ਪਰਿਵਰਤਨ ਵਿਰੁੱਧ ਕੇਂਦਰ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਧਰਮ ਪਰਿਵਰਤਨ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਈਸਾਈ ਮਿਸ਼ਨਰੀਆਂ ਨਾਲ ਝੜਪ ਮਾਮਲੇ ਵਿੱਚ ਨਿਹੰਗ ਸਿੰਘਾਂ ਉਪਰ ਦਰਜ ਪਰਚੇ ਰੱਦ ਕਰਨ ਦੀ ਵੀ ਮੰਗ ਕੀਤੀ ਸੀ।