ਬਰਨਾਲਾ: ਬਰਨਾਲਾ ਦੇ ਪਿੰਡ ਉਗੋਕੇ ਵਿੱਚ ਆਮ ਆਦਮੀ ਕਲੀਨਿਕ ਵਿੱਚ ਤਾਇਨਾਤ ਆਰਥੋ ਐਮਐਸ ਸਰਜਨ ਨੇ ਅਸਤੀਫਾ ਦੇ ਦਿੱਤਾ ਹੈ। ਹੁਣ ਇਸ ਕਲੀਨਿਕ ਵਿੱਚ ਸਿਰਫ਼ ਇੱਕ ਟਰੇਨੀ ਫਾਰਮੇਸੀ ਅਫ਼ਸਰ ਰਹਿ ਗਿਆ ਹੈ। ਦੱਸ ਦੇਈਏ ਕਿ ਉਗੋਕੇ 'ਆਪ' ਵਿਧਾਇਕ ਲਾਭ ਸਿੰਘ ਦਾ ਪਿੰਡ ਹੈ। ਐਸਐਮਓ ਤਪਾ ਡਾ. ਨਵਜੋਤਪਾਲ ਸਿੰਘ ਭੁੱਲਰ ਨੇ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ।

ਹਾਸਲ ਜਾਣਕਾਰੀ ਅਨੁਸਾਰ ਆਰਥੋ ਐਮਐਸ ਸਰਜਨ ਡਾ. ਗੁਰਸਾਗਰਦੀਪ ਸਿੰਘ ਨੇ ਅਸਤੀਫ਼ਾ ਸੀਨੀਅਰ ਮੈਡੀਕਲ ਅਫ਼ਸਰ ਨੂੰ ਦੇ ਦਿੱਤਾ ਹੈ। ਹਾਲਾਂਕਿ ਅਸਤੀਫ਼ਾ ਦੇਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਸੂਤਰਾਂ ਦਾ ਕਹਿਣਾ ਹੈ ਕਿ ਉਹ ਆਰਥੋ ਐਮਐਸ ਸਰਜਨ ਸੀ। ਆਮ ਆਦਮੀ ਕਲੀਨਿਕ ਵਿੱਚ ਆਮ ਬਿਮਾਰੀਆਂ ਨਾਲ ਸਬੰਧਤ ਦਵਾਈਆਂ ਤੇ ਉਪਕਰਨਾਂ ਦੀ ਘਾਟ ਕਾਰਨ ਉਹ ਇਲਾਜ ਕਰਨ 'ਚ ਅਸਮਰੱਥ ਸੀ।

 


ਮੈਡੀਕਲ ਅਫਸਰ ਦਾ ਅਸਤੀਫਾ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ: SMO


ਸੀਨੀਅਰ ਮੈਡੀਕਲ ਅਫ਼ਸਰ ਡਾ: ਨਵਜੋਤਪਾਲ ਸਿੰਘ ਭੁੱਲਰ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਉਗੋਕੇ ਦੇ ਮੈਡੀਕਲ ਅਫ਼ਸਰ ਡਾ. ਗੁਰਸਾਗਰਦੀਪ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰਨ ਲਈ ਉੱਚ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ। ਕਲੀਨਿਕ ਨੂੰ ਚਲਾਉਣ ਲਈ ਪ੍ਰਾਇਮਰੀ ਹੈਲਥ ਸੈਂਟਰ ਟੱਲੇਵਾਲ ਦਾ ਮੈਡੀਕਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ, ਜਦੋਂਕਿ ਫਾਰਮੇਸੀ ਅਫ਼ਸਰ ਤੇ ਕਲੀਨੀਕਲ ਸਹਾਇਕ ਆ ਗਏ ਹਨ, ਜਿਨ੍ਹਾਂ ਨੇ ਅਹੁਦਾ ਸੰਭਾਲ ਲਿਆ ਹੈ।


ਦੱਸ ਦੇਈਏ ਕਿ ਆਮ ਆਦਮੀ ਕਲੀਨਿਕ ਦਾ ਸਟਾਫ਼ ਪੰਜਾਬ ਸਰਕਾਰ ਵੱਲੋਂ ਠੇਕੇ 'ਤੇ ਭਰਤੀ ਕੀਤਾ ਗਿਆ ਹੈ। ਇਸ ਤਹਿਤ ਮੈਡੀਕਲ ਅਫਸਰ ਤੇ ਫਾਰਮੇਸੀ ਅਫਸਰ ਨੂੰ ਰੋਜ਼ਾਨਾ 50 ਮਰੀਜ਼ ਤੱਕ ਦੇ ਪੈਸੇ ਪੱਕੇ ਦਿੱਤੇ ਜਾਣਗੇ, ਜਦੋਂ ਕਿ ਜੇਕਰ ਜ਼ਿਆਦਾ ਮਰੀਜ਼ ਆਉਂਦੇ ਹਨ ਤਾਂ ਮੈਡੀਕਲ ਅਫਸਰ ਨੂੰ 50 ਰੁਪਏ ਪ੍ਰਤੀ ਮਰੀਜ਼ ਤੇ ਫਾਰਮੇਸੀ ਅਫਸਰ ਨੂੰ 12 ਰੁਪਏ ਪ੍ਰਤੀ ਮਰੀਜ਼ ਦਿੱਤੇ ਜਾਣਗੇ।
 

ਜ਼ਿਕਰਯੋਗ ਹੈ ਕਿ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪੰਜਾਬ ਭਰ ਵਿੱਚ 75 ਮੁਹੱਲਾ ਕਲੀਨਿਕ ਖੋਲ੍ਹੇ ਗਏ ਸਨ। ਇਸ ਤੋਂ ਬਾਅਦ 25 ਹੋਰ ਆਮ ਆਦਮੀ ਕਲੀਨਿਕ ਸੂਬਾ ਵਾਸੀਆਂ ਨੂੰ ਸਮਰਪਿਤ ਕੀਤੇ ਗਏ। ਮੁੱਖ ਮੰਤਰੀ ਨੇ ਕਿਹਾ ਕਿ ਛੇਤੀ ਹੀ ਅਜਿਹੇ ਕਲੀਨਿਕ ਸੂਬੇ ਦੇ ਕੋਨੇ-ਕੋਨੇ ਵਿੱਚ ਖੋਲ੍ਹੇ ਜਾਣਗੇ, ਜਿਨ੍ਹਾਂ ਰਾਹੀਂ ਲੋਕਾਂ ਨੂੰ ਮੁਫ਼ਤ ਵਿੱਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਹੋਣਗੀਆਂ।