ਚੰਡੀਗੜ੍ਹ : ਪੰਜਾਬ ਵਿੱਚ ਹੋਣ ਵਾਲੀਆਂ ਆਗਾਮੀ ਨਗਰ ਨਿਗਮਾਂ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਤਿਆਰੀ ਖਿੱਚ ਲਈ ਹੈ। ਵੀਰਵਾਰ ਨੂੰ ‘ਆਪ’ ਪੰਜਾਬ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ‘ਆਪ’ ਪੰਜਾਬ ਦੇ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਹੋਰ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਆਗਾਮੀ ਨਗਰ ਨਿਗਮ ਚੋਣਾ ਦੀ ਰਣਨੀਤੀ ’ਤੇ ਚਰਚਾ ਕੀਤੀ।
ਜਰਨੈਲ ਸਿੰਘ ਨੇ ਕਿਹਾ ਕਿ ਨਿਗਮ ਚੋਣਾ ’ਚ ਆਮ ਆਦਮੀ ਪਾਰਟੀ ਲਈ ਹੋਰ ਵੀ ਚੰਗੇ ਮੌਕੇ ਹਨ। ਪਾਰਟੀ ਨਿਗਮਾਂ ਦੀਆਂ ਸਾਰੀਆਂ ਸੀਟਾਂ ’ਤੇ ਇਮਾਨਦਾਰ ਉਮੀਦਵਾਰ ਉਤਾਰੇਗੀ, ਕਿਉਂਕਿ ਪੰਜਾਬ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਬਹੁਤ ਗੰਭੀਰ ਹੈ ਅਤੇ ਉਨ੍ਹਾਂ ਦੇ ਪੱਕੇ ਹੱਲ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਪੰਜਾਬ ਦੇ ਲੋਕਾਂ ਦੇ ਹਿੱਤਾਂ ’ਚ ਵੱਡੇ ਫ਼ੈਸਲੇ ਲੈ ਰਹੇ ਹਨ। ਮਾਨ ਸਰਕਾਰ ਦੇ ਫ਼ੈਸਲਿਆਂ ਅਤੇ ਕੰਮਾਂ ਦਾ ਅਸਰ ਨਿਗਰ ਨਿਗਮ ਚੋਣਾ ’ਤੇ ਜ਼ਰੂਰ ਪਵੇਗਾ ਅਤੇ ਪਾਰਟੀ ਨੂੰ ਇਸ ਦਾ ਲਾਭ ਵੀ ਮਿਲੇਗਾ।
ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਉਹ ਪਾਰਟੀ ਦੀ ਜਿੱਤ ਪ੍ਰਤੀ ਭਰੋਸੇਮੰਦ ਹਨ। ਆਮ ਆਦਮੀ ਪਾਰਟੀ ਵਿਧਾਨ ਸਭਾ ਚੋਣਾ ਦੀ ਤਰ੍ਹਾਂ ਨਿਗਮ ਚੋਣਾ ਵਿੱਚ ਵੀ ਸ਼ਾਨਦਾਰ ਜਿੱਤ ਦਰਜ ਕਰੇਗੀ ਅਤੇ ਚਾਰੇ ਨਿਗਮਾਂ ’ਚ ਆਪਣੇ ਮੇਅਰ ਬਣਾਏਗੀ।
ਓਧਰ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਸੂਬੇ ਦੀਆਂ ਆਗਾਮੀ ਨਗਰ ਨਿਗਮ ਚੋਣਾਂ ਭਾਜਪਾ ਅਤੇ ਪੀਐੱਲਸੀ ਗੱਠਜੋੜ ਤਹਿਤ ਹੀ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ 2024 ’ਚ ਹੋਣ ਵਾਲੀਆਂ ਸੰਸਦ ਦੀਆਂ ਚੋਣਾਂ ਦੇਸ਼ ਲਈ ਅਹਿਮ ਹਨ ਕਿਉਂਕਿ ਮੁਲਕ ਨੂੰ ਅਜੇ ਵੀ ਸਥਿਰ ਅਤੇ ਮਜ਼ਬੂਤ ਸਰਕਾਰ ਦੀ ਲੋੜ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੀਐੱਲਸੀ ਅਤੇ ਭਾਜਪਾ ਚਾਰ ਨਗਰ ਨਿਗਮਾਂ- ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਅਤੇ ਜਲੰਧਰ ਲਈ ਹੋਣ ਵਾਲੀਆਂ ਚੋਣਾਂ ਸਾਂਝੇ ਤੌਰ ’ਤੇ ਲੜਨਗੀਆਂ।