ਸ਼ਹਿਰ ਵਾਸੀਆਂ ਦੀ ਸਹੂਲਤ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਹਿਰ ਦੀ ਸੁੰਦਰਤਾ ਵਿੱਚ ਵਾਧਾ ਕਰਨ ਅਤੇ ਸ਼ਹਿਰ ਵਾਸੀਆਂ ਨੂੰ ਪਾਰਕਿੰਗ ਦੀ ਸਹੂਲਤ ਦੇਣ ਲਈ ਪੁਰਾਣੀ ਟਰੈਕਟਰ ਮਾਰਕੀਟ ਨੂੰ ਰਾਜਪੁਰਾ ਰੋਡ ’ਤੇ ਤਬਦੀਲ ਕਰ ਦਿੱਤਾ ਸੀ। ਸ਼ਹਿਰ ਵਾਸੀਆਂ ਲਈ ਜਿੱਥੇ ਬਹੁਮੰਜ਼ਿਲਾ ਪਾਰਕਿੰਗ ਬਣਾਈ ਜਾਣੀ ਸੀ, ਉਸ ਜ਼ਮੀਨ 'ਤੇ 15 ਦੁਕਾਨਾਂ ਦੇ ਪਲਾਟ ਵੇਚ ਕੇ ਆਮ ਆਦਮੀ ਪਾਰਟੀ ਦੀ ਸਰਕਾਰ 700 ਦੁਕਾਨਦਾਰਾਂ ਤੋਂ ਕਾਰੋਬਾਰ ਖੋਹ ਰਹੀ ਹੈ। 



ਪੁਰਾਣੀ ਟਰੈਕਟਰ ਮਾਰਕੀਟ ਵਾਲੀ ਜਮੀਨ ਤੇ ਬਹੁਮੰਜ਼ਿਲਾ ਪਾਰਕਿੰਗ ਸ਼ਹਿਰ ਵਾਸੀਆਂ ਲਈ ਬਣਾਈ ਜਾਣੀ ਸੀ, ਪਰ ਇਸ ਜ਼ਮੀਨ ਨੂੰ ਭਗਵੰਤ ਮਾਨ ਸਰਕਾਰ ਵੇਚ ਰਹੀ ਹੈ। ਪਾਰਕਿੰਗ ਵਾਲੀ ਜ਼ਮੀਨ ਵਿੱਚੋਂ ਕਰੀਬ ਪੰਜ ਸ਼ੋਅਰੂਮ ਪਲਾਂਟ ਈ-ਨਿਲਾਮੀ ਰਾਹੀਂ ਵੇਚੇ ਜਾ ਚੁੱਕੇ ਹਨ। ਸ਼ਹਿਰ ਦੇ ਬਾਜ਼ਾਰਾਂ ਦੀਆਂ ਕਈ ਐਸੋਸੀਏਸ਼ਨਾਂ ਦੇ ਅਹੁਦੇਦਾਰਾਂ ਨੇ ਇਸ ਮਾਮਲੇ ਦੀ ਜਾਣਕਾਰੀ ਮਹਿਲਾ ਮੋਰਚਾ ਦੀ ਪੰਜਾਬ ਪ੍ਰਧਾਨ ਬੀਬਾ ਜੈਇੰਦਰ ਕੌਰ ਨੂੰ ਦੇ ਕੇ ਮਦਦ ਦੀ ਮੰਗ ਕੀਤੀ।



 ਜੈਇੰਦਰਾ ਕੌਰ ਸਮੇਤ ਭਾਜਪਾ ਦੇ ਪਟਿਆਲਾ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ ਬਿੱਟੂ, ਸੀਨੀਅਰ ਭਾਜਪਾ ਆਗੂ ਕੇ.ਕੇ ਸ਼ਰਮਾ ਅਤੇ ਹੋਰ ਵਰਕਰਾਂ ਨੇ ਸੋਮਵਾਰ ਨੂੰ ਪੁਰਾਣੀ ਟਰੈਕਟਰ ਮਾਰਕੀਟ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨਾਲ ਵੱਡੀ ਗਿਣਤੀ ਵਿੱਚ ਦੁਕਾਨਦਾਰ ਅਤੇ ਐਸੋਸੀਏਸ਼ਨਾਂ ਦੇ ਅਹੁਦੇਦਾਰ ਹਾਜ਼ਰ ਸਨ।



ਦੁਕਾਨਦਾਰਾਂ ਨੇ ਜੈਇੰਦਰਾ ਕੌਰ ਨੂੰ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਹੁੰਦਿਆਂ ਸ਼ਹਿਰ ਦੀ ਪਾਰਕਿੰਗ ਲਈ ਰਾਖਵੀਂ ਰੱਖੀ ਗਈ ਜ਼ਮੀਨ ਨੂੰ ਵੇਚਣ ਦਾ ਫੈਸਲਾ ਕਰਕੇ ਭਗਵੰਤ ਮਾਨ ਸਰਕਾਰ ਨੇ ਪਟਿਆਲਾ ਵਾਸੀਆਂ ਨਾਲ ਬੇਇਨਸਾਫ਼ੀ ਕੀਤੀ ਹੈ। ਜਿਸ ਰਫ਼ਤਾਰ ਨਾਲ ਵਾਹਨਾਂ ਦੀ ਗਿਣਤੀ ਵੱਧ ਰਹੀ ਹੈ, ਉਸ ਹਿਸਾਬ ਨਾਲ ਸ਼ਹਿਰ ਵਿੱਚ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਹੈ।


ਕੈਪਟਨ ਅਮਰਿੰਦਰ ਸਿੰਘ ਅਤੇ ਲੋਕਸਭਾ ਮੈਂਬਰ ਮਹਾਰਾਣੀ ਪ੍ਰਨੀਤ ਕੌਰ ਵੱਲੋਂ ਪਟਿਆਲਾ ਸ਼ਹਿਰ ਨੂੰ ਸਮਾਰਟ ਸਿਟੀ ਦੀ ਸ਼੍ਰੇਣੀ ਵਿੱਚ ਲਿਆਉਣ ਦਾ ਸੁਪਨਾ ਵੇਖਿਆ ਗਿਆ ਹੈ। ਵਿਰਾਸਤੀ ਸ਼ਹਿਰ ਦੀ ਮੁੱਖ ਪਾਰਕਿੰਗ ਥਾਂ ਨੂੰ ਵੇਚਣਾ ਪਟਿਆਲਾ ਦੇ ਲੋਕਾਂ ਨਾਲ ਧੋਖਾ ਹੈ। ਦੁਕਾਨਦਾਰਾਂ ਨੇ  ਜੈਇੰਦਰਾ ਕੌਰ ਨੂੰ ਦੱਸਿਆ ਕਿ ਚਾਂਦਨੀ ਚੌਕ, ਅਨਾਰਦਾਨਾ ਚੌਕ, ਏ.ਸੀ. ਮਾਰਕੀਟ ਦਾ ਪਿਛਲਾ ਹਿੱਸਾ, ਅਦਾਲਤ ਬਜ਼ਾਰ ਅਤੇ ਧਰਮਪੁਰਾ ਬਜ਼ਾਰ ਪੂਰੇ ਜ਼ਿਲ੍ਹੇ ਦੇ ਹੀ ਨਹੀਂ ਸਗੋਂ ਪੂਰੇ ਸੂਬੇ ਦੇ ਨਾਲ-ਨਾਲ ਗੁਆਂਢੀ ਰਾਜ ਹਰਿਆਣਾ ਦੇ ਲੋਕਾਂ ਲਈ ਵੀ ਪ੍ਰਮੁੱਖ ਖਰੀਦ ਕੇਂਦਰ ਹਨ। 



ਇਸ ਸਮੇਂ ਧਰਮਪੁਰਾ ਬਾਜਾਰ ਅਤੇ ਅਦਾਲਤ ਬਾਜਾਰ ਦੇ ਕਈ ਦੁਕਾਨਦਾਰ ਪਾਰਕਿੰਗ ਦੀ ਸਮੱਸਿਆ ਤੋਂ ਦੁਖੀ ਹੋ ਕੇ ਬਾਹਰਲੇ ਇਲਾਕਿਆਂ ਵਿੱਚ ਜਾਣ ਲਈ ਮਜਬੂਰ ਹੋ ਗਏ ਹਨ। ਮੌਜੂਦਾ ਦੁਕਾਨਦਾਰਾਂ ਨੂੰ ਆਸ ਸੀ ਕਿ ਇੱਕ ਦਿਨ ਪੁਰਾਣੀ ਟਰੈਕਟਰ ਮਾਰਕੀਟ ਵਿੱਚ ਬਹੁਮੰਜ਼ਿਲਾ ਪਾਰਕਿੰਗ ਸਥਾਪਤ ਹੋ ਜਾਵੇਗੀ ਅਤੇ ਉਕਤ ਬਾਜ਼ਾਰਾਂ ਵਿੱਚ ਕਾਰੋਬਾਰ ਆਮ ਵਾਂਗ ਹੋ ਜਾਵੇਗਾ। 



ਪਰ ਆਮ ਆਦਮੀ ਪਾਰਟੀ ਨੇ ਪਾਰਕਿੰਗ ਦੀ ਜਮੀਨ ਨੂੰ ਵੇਚਣ ਦਾ ਫੈਸਲਾ ਲੈ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਜ਼ਮੀਨ ਵੇਚ ਕੇ ਆਪਣੀ ਆਮਦਨ ਵਧਾਉਣਾ ਚਾਹੁੰਦੀ ਹੈ ਅਤੇ ਆਮ ਆਦਮੀ ਪਾਰਟੀ ਨੂੰ ਆਮ ਲੋਕਾਂ ਦੀ ਸਹੂਲਤ ਦੀ ਕੋਈ ਚਿੰਤਾ ਨਹੀਂ ਹੈ। ਇਹੀ ਕਾਰਨ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।