ਖੰਨਾ: ਆਮ ਆਦਮੀ ਪਾਰਟੀ ਦੇ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਆਪਣੇ ਬਿਆਨ ਨੂੰ ਲੈ ਕੇ ਵਿਵਾਦਾਂ ਚ ਘਿਰ ਗਏ ਹਨ। ਵਿਧਾਇਕ ਗਿਆਸਪੁਰਾ ਨੇ ਚੋਣਾਂ ਅੰਦਰ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਦੇ ਹਾਰਨ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇੱਥੇ ਕਲਗੀਆਂ ਵਾਲੇ ਨਹੀਂ ਰਹੇ ਲੱਖਾ ਕੀ ਚੀਜ਼ ਹੈ।



ਇਸ ਬਿਆਨ ਮਗਰੋਂ ਵਿਰੋਧੀਆਂ ਨੇ ਵਿਧਾਇਕ ਗਿਆਸਪੁਰਾ ਨੂੰ ਘੇਰਨ ਦੀ ਕੋਈ ਕਸਰ ਨਹੀਂ ਛੱਡੀ। ਵਿਧਾਇਕ ਦੇ ਇਸ ਬਿਆਨ ਦੀ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਤੇ ਕਾਂਗਰਸ ਦੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਨਿੰਦਾ ਕਰਦੇ ਹੋਏ ਸ਼੍ਰੋਮਣੀ ਕਮੇਟੀ ਤੋਂ ਕਾਰਵਾਈ ਦੀ ਮੰਗ ਵੀ ਕੀਤੀ।

ਦੱਸਣਯੋਗ ਹੈ ਕਿ ਇੱਕ ਚੈਨਲ ਦੀ ਇੰਟਰਵਿਉ ਦੌਰਾਨ ਵਿਧਾਇਕ ਗਿਆਸਪੁਰਾ ਨੇ ਮਜ਼ਬੂਤ ਸਹਿਯੋਗ ਦੇ ਬਾਵਜੂਦ ਲਖਵੀਰ ਸਿੰਘ ਲੱਖਾ ਦੀ ਹਾਰ ਉਪਰ ਕੀਤੇ ਸਵਾਲ ਦਾ ਜਵਾਬ ਦਿੰਦੇ ਕਿਹਾ ਸੀ ਕਿ ਇੱਥੇ ਕਲਗੀਆਂ ਵਾਲੇ ਨਹੀਂ ਰਹੇ ਲੱਖਾ ਕੀ ਚੀਜ਼ ਹੈ। ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਕਲਗੀਆਂ ਵਾਲੇ ਪਾਤਸ਼ਾਹ ਕੇਵਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਨ। ਇਸ ਲਈ ਜੋ ਬਿਆਨ ਮੌਜੂਦਾ ਵਿਧਾਇਕ ਨੇ ਦਿੱਤਾ ਹੈ, ਉਸ ਲਈ ਮੁਆਫੀ ਮੰਗਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਵੀ ਇਸ ਦਾ ਨੋਟਿਸ ਲੈਣਾ ਚਾਹੀਦਾ ਹੈ। ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਦੁਨੀਆਂ ਵਿੱਚ ਕਲਗੀਆਂ ਵਾਲੇ ਕੇਵਲ ਇੱਕੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਨ। ਮੌਜੂਦਾ ਵਿਧਾਇਕ ਨੇ ਜੋ ਵਿਵਾਦਤ ਬਿਆਨ ਦਿੱਤਾ ਹੈ, ਉਸ ਉਪਰ ਸ਼੍ਰੋਮਣੀ ਕਮੇਟੀ ਨੂੰ ਕਾਰਵਾਈ ਕਰਨੀ ਚਾਹੀਦੀ ਹੈ।

ਉਧਰ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਖਿਲਾਫ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕੇਵਲ ਮਾਲਵੇ ਦੀ ਕਹਾਵਤ ਉਨ੍ਹਾਂ ਲੋਕਾਂ ਲਈ ਵਰਤੀ ਸੀ ਜੋ ਖੁਦ ਨੂੰ ਧੁਰੰਦਰ ਅਖਵਾਉਂਦੇ ਸੀ। ਜਿਹੜੇ ਲੋਕ ਜਾਣਬੁੱਝ ਕੇ ਮਾਮਲੇ ਨੂੰ ਤੂਲ ਦੇ ਰਹੇ ਹਨ, ਉਹ ਆਰਐਸਐਸ ਦੇ ਲੋਕ ਹਨ, ਜੋ ਕਿਸੇ ਵੀ ਥਾਂ ਉਪਰ ਕਿਸੇ ਵੀ ਸਮੇਂ ਉਨ੍ਹਾਂ ਨਾਲ ਬਹਿਸ ਕਰ ਸਕਦੇ ਹਨ।