ਚੰਡੀਗੜ੍ਹ: ਸਰਕਾਰੀ ਨੌਕਰੀਆਂ ਲਈ ਪ੍ਰਤੀਯੋਗੀ ਪ੍ਰੀਖਿਆਵਾਂ ਦੌਰਾਨ ਸਿੱਖਾਂ ਨੂੰ ਧਾਰਮਿਕ ਚਿੰਨ੍ਹਾਂ ਨਾਲ ਇਮਤਿਹਾਨ ਦੇਣ ਦੀ ਇਜਾਜ਼ਤ ਦੇਣ ਨਾਲ ਜੁੜੀ ਪਟੀਸ਼ਨ ਦਾ ਪੰਜਾਬ-ਹਰਿਆਣਾ ਹਾਈਕੋਰਟ ਨੇ ਨਿਬੇੜਾ ਕਰ ਦਿੱਤਾ ਹੈ। ਹਾਈਕੋਰਟ ਨੇ ਪਟੀਸ਼ਨਰ ਨੂੰ ਇਸ ਸਬੰਧੀ ਹਰਿਆਣਾ ਤੇ ਪੰਜਾਬ ਸਰਕਾਰਾਂ ਨੂੰ ਮੰਗ ਪੱਤਰ ਸੌਂਪਣ ਤੇ ਦੋਵਾਂ ਸਰਕਾਰਾਂ ਨੂੰ ਇਸ 'ਤੇ ਫੈਸਲਾ ਲੈਣ ਦੇ ਹੁਕਮ ਦਿੱਤੇ ਹਨ।



ਪਟੀਸ਼ਨਕਰਤਾ ਐਡਵੋਕੇਟ ਚਰਨਪਾਲ ਬਾਗੜੀ ਨੇ ਹਾਈ ਕੋਰਟ ਨੂੰ ਦੱਸਿਆ ਕਿ ਸਿੱਖਾਂ ਨੂੰ ਨੌਕਰੀਆਂ ਲਈ ਹੋਣ ਵਾਲੀਆਂ ਪ੍ਰੀਖਿਆਵਾਂ ਵਿੱਚ ਆਪਣੇ ਪੰਜ ਪਵਿੱਤਰ ਕਕਾਰਾਂ ਨੂੰ ਨਾਲ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ। ਬਾਗੜੀ ਅਨੁਸਾਰ ਸਿੱਖ ਧਰਮ ਦੇ ਲੋਕਾਂ ਦੇ ਪੰਜ ਧਾਰਮਿਕ ਕਕਾਰ ਹਨ, ਜਿਨ੍ਹਾਂ ਵਿਚ ਕਿਰਪਾਨ, ਕੜਾ ਅਤੇ ਕੰਘਾ ਆਦਿ ਸ਼ਾਮਲ ਹਨ। ਉਨ੍ਹਾਂ ਨੂੰ ਇਮਤਿਹਾਨ 'ਚ ਆਪਣੇ ਨਾਲ ਨਾ ਲੈ ਜਾਣ ਦੇਣਾ ਸਿੱਧੇ ਤੌਰ 'ਤੇ ਬਿਨੈਕਾਰਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੇ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਹੈ।

ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਇਹ ਵੀ ਕਿਹਾ ਹੈ ਕਿ ਸਿੱਖ ਬਿਨੈਕਾਰ ਆਪਣੇ ਧਾਰਮਿਕ ਚਿੰਨ੍ਹਾਂ ਨਾਲ ਪ੍ਰੀਖਿਆ ਦੇ ਸਕਦੇ ਹਨ। ਅਜਿਹੀ ਸਥਿਤੀ ਵਿੱਚ ਸਿੱਖ ਬਿਨੈਕਾਰਾਂ ਨੂੰ ਇਸ ਅਧਿਕਾਰ ਤੋਂ ਵਾਂਝਾ ਰੱਖਣਾ ਨਾ ਸਿਰਫ਼ ਗੈਰ-ਸੰਵਿਧਾਨਕ ਹੈ, ਸਗੋਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਉਲੰਘਣਾ ਵੀ ਹੈ। ਹਾਈਕੋਰਟ ਨੇ ਹੁਣ ਪਟੀਸ਼ਨਰ ਨੂੰ ਹੁਕਮ ਦਿੱਤਾ ਹੈ ਕਿ ਉਹ ਆਪਣੀ ਮੰਗ ਸਬੰਧੀ ਹਰਿਆਣਾ ਅਤੇ ਪੰਜਾਬ ਸਰਕਾਰ ਨੂੰ ਮੰਗ ਪੱਤਰ ਸੌਂਪੇ ਅਤੇ ਦੋਵੇਂ ਸਰਕਾਰਾਂ ਇਸ ਮੰਗ ਪੱਤਰ 'ਤੇ ਕਾਨੂੰਨ ਅਨੁਸਾਰ ਫੈਸਲਾ ਲੈਣ।


ਇਹ ਸੀ ਮਾਮਲਾ
31 ਮਾਰਚ 2019 ਨੂੰ ਹਰਿਆਣਾ ਸਿਵਲ ਸਰਵਿਸਿਜ਼ ਐਗਜ਼ੀਕਿਊਟਿਵ ਬ੍ਰਾਂਚ ਦੀਆਂ 166 ਅਸਾਮੀਆਂ ਲਈ ਸਿੱਖ ਬਿਨੈਕਾਰਾਂ ਨੂੰ ਕਿਰਪਾਨ ਅਤੇ ਕੜਾ ਪਹਿਨ ਕੇ ਪ੍ਰੀਖਿਆ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਗਿਆ ਸੀ। ਇਸ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸਿੱਖ ਬਿਨੈਕਾਰਾਂ ਨੂੰ ਧਾਰਮਿਕ ਚਿੰਨ੍ਹਾਂ ਨਾਲ ਪ੍ਰੀਖਿਆ ਦੇਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਗਈ ਸੀ।

ਹਾਈਕੋਰਟ ਨੇ ਉਦੋਂ ਹਰਿਆਣਾ ਸਰਕਾਰ ਤੇ ਐਚਪੀਐਸਸੀ ਨੂੰ ਨੋਟਿਸ ਜਾਰੀ ਕਰਕੇ ਪ੍ਰੀਖਿਆ ਲਈ ਧਾਰਮਿਕ ਚਿੰਨ੍ਹ ਪਹਿਨ ਕੇ ਪ੍ਰੀਖਿਆ ਦੇਣ 'ਤੇ ਲਗਾਈ ਪਾਬੰਦੀ 'ਤੇ ਰੋਕ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਸਿੱਖ ਧਰਮ ਦੇ ਪੰਜ ਕਕਾਰਾਂ ਦੇ ਧਾਰਨੀ ਬਿਨੈਕਾਰਾਂ ਨੂੰ ਪ੍ਰੀਖਿਆ ਲਈ ਇਕ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ 'ਤੇ ਪਹੁੰਚਣ ਦੇ ਹੁਕਮ ਦਿੱਤੇ ਗਏ ਹਨ।


ਇਹ ਵੀ ਪੜ੍ਹੋ : Coronavirus Cases: ਕੋਰੋਨਾ ਦੇ ਨਵੇਂ ਕੇਸਾਂ 'ਚ ਅੱਜ 12 ਫੀਸਦੀ ਵਾਧਾ, ਪਿਛਲੇ 24 ਘੰਟਿਆਂ 'ਚ 2876 ਮਾਮਲੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490