ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਪੰਜਾਬੀਆਂ ਦਾ ਉਲਾਂਭਾ ਲਾ ਦਿੱਤਾ ਹੈ। ਇਸ ਵਾਰ ਪਾਰਲੀਮੈਂਟ ਵਿੱਚ ਪੰਜਾਬੀਆਂ ਦੇ ਸਭ ਤੋਂ ਵੱਧ ਮੁੱਦੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਹੀ ਚੁੱਕੇ ਹਨ। ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਰਾਜ ਸਭਾ ਵਿੱਚ ਭੇਜਣ ਕਰਕੇ ਆਮ ਆਦਮੀ ਪਾਰਟੀ ਦੀ ਅਲੋਚਨਾ ਹੋ ਰਹੀ ਸੀ। ਇਸ ਦਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ ਨੇ ਸੰਸਦ ਵਿੱਚ ਖੁੱਲ੍ਹ ਕੇ ਪੰਜਾਬ ਦੇ ਮੁੱਦੇ ਉਠਾਏ।
ਆਮ ਆਦਮੀ ਪਾਰਟੀ ਨੇ ਟਵੀਟ ਕਰਕੇ ਕਿਹਾ ਹੈ ਕਿ ਲੰਮੇ ਸਮੇਂ ਤੋਂ ਬਾਅਦ ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਪਾਰਲੀਮੈਂਟ ‘ਚ ਰੱਖੀ ਗਈ। ਸਾਡੇ ਸੰਸਦ ਮੈਂਬਰਾਂ ਵੱਲੋਂ ਉਠਾਏ ਗਏ ਮੁੱਦੇ-✅MSP ਕਮੇਟੀ ‘ਚ ਪੰਜਾਬ ਦੀ ਨੁਮਾਇੰਦਗੀ✅ਸਿੱਖਾਂ ‘ਤੇ ਅਟੈਕ✅ਕਰਤਾਰਪੁਰ ਸਾਹਿਬ ਕੌਰੀਡੋਰ✅ਪੰਜਾਬ ਦੇ ਪਾਣੀਆਂ ਦੀ ਗੱਲ✅ਸਰਾਵਾਂ ‘ਤੇ GST✅ਪੰਜਾਬੀ ਭਾਸ਼ਾ
ਦੱਸ ਦਈਏ ਕਿ ਪਾਰਲੀਮੈਂਟ ਦੇ ਮੌਨਸੂਨ ਸੈਸ਼ਨ ਵਿੱਚ ‘ਆਪ’ ਦੇ ਨਵੇਂ ਸੰਸਦ ਮੈਂਬਰਾਂ ਨੇ ਸਭ ਤੋਂ ਵੱਧ ਪੰਜਾਬ ਦੇ ਮੁੱਦੇ ਉਠਾਏ। ‘ਆਪ’ ਦੇ ਨਵੇਂ ਸੱਤ ਸੰਸਦ ਮੈਂਬਰਾਂ ਨੇ ਰਾਜ ਸਭਾ ਵਿੱਚ ਕੁੱਲ 138 ਸੁਆਲ ਪੁੱਛੇ ਹਨ, ਜਿਨ੍ਹਾਂ ਵਿੱਚੋਂ ਸੰਸਦ ਮੈਂਬਰ ਅਸ਼ੋਕ ਮਿੱਤਲ ਨੇ ਸਭ ਤੋਂ ਵੱਧ 43 ਸੁਆਲ ਪੁੱਛੇ ਤੇ ਰਾਘਵ ਚੱਢਾ ਨੇ 42 ਸੁਆਲ ਪੁੱਛੇ।
ਹਾਸਲ ਵੇਰਵਿਆਂ ਅਨੁਸਾਰ ਰਾਜ ਸਭਾ ਵਿੱਚ ਕੁੱਲ 18 ਬੈਠਕਾਂ ਹੋਈਆਂ। ਇਨ੍ਹਾਂ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਵਿਕਰਮਜੀਤ ਸਿੰਘ ਸਾਹਨੀ, ਸੰਜੀਵ ਅਰੋੜਾ ਤੇ ਰਾਘਵ ਚੱਢਾ ਦੀ ਹਾਜ਼ਰੀ 14-14 ਦਿਨ ਦੀ ਰਹੀ ਹੈ ਜਦੋਂਕਿ ‘ਆਪ’ ਦੇ ਸੰਸਦ ਮੈਂਬਰਾਂ ਵਿੱਚੋਂ ਸਭ ਤੋਂ ਘੱਟ ਹਾਜ਼ਰੀ ਸੰਦੀਪ ਪਾਠਕ ਦੀ ਸੱਤ ਬੈਠਕਾਂ ਦੀ ਰਹੀ। ਸੰਸਦ ਮੈਂਬਰ ਹਰਭਜਨ ਸਿੰਘ ਦੀ ਅੱਠ ਬੈਠਕਾਂ ਵਿੱਚ ਹਾਜ਼ਰੀ ਰਹੀ।
ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਸੁਖਬੀਰ ਬਾਦਲ ਦੀ ਹਾਜ਼ਰੀ ਰਜਿਸਟਰ ਮੁਤਾਬਕ ਸਿਰਫ਼ ਦੋ ਬੈਠਕਾਂ ਵਿਚ ਹੀ ਰਹੀ। ਉਨ੍ਹਾਂ ਦੀ ਹੁਣ ਤੱਕ ਦੀ ਸੰਸਦ ਵਿੱਚ ਕੁੱਲ ਹਾਜ਼ਰੀ (ਸਾਰੇ ਸੈਸ਼ਨਾਂ) ਦੀ 21 ਫ਼ੀਸਦੀ ਹੀ ਰਹੀ। ਅਕਾਲੀ ਸੰਸਦ ਮੈਂਬਰ ਸੁਖਬੀਰ ਬਾਦਲ ਨੇ ਐਤਕੀਂ ਕੋਈ ਸੁਆਲ ਨਹੀਂ ਪੁੱਛਿਆ।
ਦੂਜੇ ਪਾਸੇ, ਹਰਸਿਮਰਤ ਬਾਦਲ ਦੀ ਹਾਜ਼ਰੀ 14 ਬੈਠਕਾਂ ਦੀ ਰਹੀ ਹੈ ਤੇ ਉਨ੍ਹਾਂ ਨੇ ਅੱਠ ਸੁਆਲ ਵੀ ਪੁੱਛੇ। ਸੁਖਬੀਰ ਬਾਦਲ ਦੀ ਕਾਰਗੁਜ਼ਾਰੀ ਸੰਸਦ ਵਿੱਚ ਸੰਨੀ ਦਿਓਲ ਨਾਲੋਂ ਬਿਹਤਰ ਰਹੀ। ਭਾਜਪਾ ਸੰਸਦ ਮੈਂਬਰ ਸਨੀ ਦਿਓਲ ਐਤਕੀਂ ਮੌਨਸੂਨ ਸੈਸ਼ਨ ’ਚੋਂ ਗ਼ੈਰਹਾਜ਼ਰ ਰਹੇ। ਉਨ੍ਹਾਂ ਦੀ ਸਾਰੇ ਸੈਸ਼ਨਾਂ ਦੀ ਹੁਣ ਤੱਕ ਦੀ ਹਾਜ਼ਰੀ ਵੀ 23 ਫ਼ੀਸਦੀ ਹੀ ਬਣਦੀ ਹੈ।