ਰੌਬਟ ਦੀ ਰਿਪੋਰਟ

ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਕੱਲ੍ਹ ਤੋਂ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਨੂੰ ਲੈ ਕੇ ਭੁੱਖ ਹੜਤਾਲ ਕੀਤੀ ਜਾਏਗੀ। ਚੰਡੀਗੜ੍ਹ ਵਿੱਚ ਅੱਜ ਭਗਵੰਤ ਮਾਨ, ਰਾਘਵ ਚੱਢਾ ਤੇ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਨੂੰ ਸੋਬੰਧਨ ਕੀਤਾ।

ਇਸ ਦੌਰਾਨ ਉਨ੍ਹਾਂ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ ਵਜੀਫਾ ਸਕੀਮ ਵਿੱਚ ਘੁਟਾਲੇ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇਗੀ। ਉਨ੍ਹਾਂ ਪੰਜਾਬ ਸਰਕਾਰ ਵੱਲੋਂ ਆਪ ਵਰਕਰਾਂ ਤੇ ਵੈਕਸੀਨ ਘੁਟਾਲੇ ਸਬੰਧੀ ਵਿਰੋਧ ਪ੍ਰਦਰਸ਼ਨ ਕਰਨ ਲਈ ਕੀਤੇ ਕੇਸਾਂ ਦੀ ਨਿਖੇਧੀ ਕੀਤੀ ਤੇ ਕਿਹਾ ਕਿ ਇਸ ਨਾਲ ਉਹ ਆਪਣਾ ਵਿਰੋਧ ਹੋਰ ਤਿੱਖਾ ਕਰਨਗੇ।

ਇਸ ਦੌਰਾਨ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। 2011, 2012, 2014 ਤੇ 2016 ਵਿੱਚ ਉਨ੍ਹਾਂ ਨੇ ਭਾਰਤ ਲਈ ਗੋਲਡ ਮੈਡਲ ਜਿੱਤੇ ਹਨ। ਉਨ੍ਹਾਂ ਨੇ ਪੰਜਾਬ ਪੁਲਿਸ ਦੀ ਨੌਕਰੀ ਛੱਡਕੇ ਆਪ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।

ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਹਰ ਵਰਗ ਦੇ ਲੌਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਘਨੌਰ ASI ਰੈਂਕ ਤੋਂ ਅਸਤੀਫਾ ਦੇ ਕੇ ਅੱਜ ਆਪ ਵਿੱਚ ਸ਼ਾਮਲ ਹੋਏ ਹਨ। ਉਧਰ ਖਿਡਾਰੀ ਘਨੌਰ ਨੇ ਕਿਹਾ ਕਿ ਪੰਜਾਬ ਖੇਡਾਂ ਵਿੱਚ ਹਰਿਆਣਾ ਤੋਂ ਕਾਫੀ ਪਿੱਛੇ ਰਹਿ ਗਿਆ ਹੈ। ਪੰਜਾਬ ਵਿੱਚ ਖਿਡਾਰੀਆਂ ਨੂੰ ਹਰਿਆਣਾ ਦੇ ਮੁਕਾਬਲੇ ਬਹੁਤ ਘੱਟ ਪੈਸੇ ਮਿਲਦੇ ਹਨ। ਅਸੀਂ ਪੰਜਾਬ ਦੀਆਂ ਖੇਡਾਂ ਵਾਸਤੇ ਕੰਮ ਕਰਾਂਗੇ।

 

ਇਸ ਤੋਂ ਪਹਿਲਾਂ ਅੱਜ ਦਲਿਤ ਵਿਦਿਆਰਥੀਆਂ ਦੀ ਵਜੀਫ਼ਾ ਰਾਸ਼ੀ ਖੁਰਦ-ਬੁਰਦ ਕਰਨ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪਾਰਟੀ ਦੇ ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘਿਰਾਉ ਕਰਨ ਪਹੁੰਚੇ।


'ਆਪ' ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। 'ਆਪ' ਆਗੂਆਂ ਨੇ ਇਸ ਮੌਕੇ ਮੰਗ ਕੀਤੀ ਕਿ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਕੈਬਨਿਟ ਮੰਤਰੀਆਂ ਸਾਧੂ ਸਿੰਘ ਧਰਮਸੋਤ ਤੇ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਕੇਸ ਦਰਜ ਕਰ ਕੇ ਕੈਬਨਿਟ ਤੋਂ ਬਾਹਰ ਕੀਤਾ ਜਾਵੇ।