ਨਵੀਂ ਦਿੱਲੀ: ਪੰਜਾਬ ਵਿੱਚ 40 ਫੀਸਦ ਲੋਕਾਂ ਕੋਲ ਪਾਸਪੋਰਟ ਹਨ ਜੋ ਕਰਤਾਰਪੁਰ ਸਾਹਿਬ ਜਾ ਸਕਦੇ ਹਨ ਪਰ ਪਾਸਪੋਰਟ ਨਾ ਹੋਣ ਕਰਕੇ ਜ਼ਿਆਦਾਤਰ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਇਸ ਬਾਰੇ ਸਰਕਾਰ ਦੀ ਨੀਤੀ ਸਾਫ਼ ਨਹੀਂ। ਸਰਕਾਰ ਲੋਕਾਂ ਨੂੰ ਜਾਗਰੂਕ ਨਹੀਂ ਕਰ ਰਹੀ। ਸੂਬੇ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਲਈ ਜਾਗਰੂਕ ਕੈਂਪ ਲਾਉਣ।

ਆਮ ਆਦਮੀ ਪਾਰਟੀ ਦੀ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਕਿਹਾ ਕਿ ਕੌਰੀਡੋਰ ਖੁੱਲ੍ਹਣ ਦਾ ਕ੍ਰੈਡਿਟ ਨਵਜੋਤ ਸਿੱਧੂ ਨੂੰ ਜਾਂਦਾ ਹੈ। ਇਸ ਲਈ ਸਿੱਧੂ ਦਾ ਸ਼ੁਕਰੀਆ ਕਰਨਾ ਬਣਦਾ ਹੈ। ਇਸ ਦੇ ਨਾਲ ਹੀ ਮਾਣੂਕੇ ਨੇ ਪਰਾਲੀ ਸਾੜਨ ਦੀ ਘਟਨਾਵਾਂ ਨੂੰ ਰੋਕਣ ‘ਚ ਨਾਕਾਮਯਾਬੀ ਦਾ ਠੀਕਰਾ ਵੀ ਪੰਜਾਬ ਦੀ ਕਾਂਗਰਸ ਸਰਕਾਰ ‘ਤੇ ਭੰਨ੍ਹਿਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੀ ਕੋਈ ਮਦਦ ਨਹੀਂ ਕਰ ਰਹੀ ਜਿਸ ਕਰਕੇ ਕਿਸਾਨ ਪਰਾਲੀ ਸਾੜਨ ਲਈ ਮਜ਼ਬੂਰ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਰਿਪੋਰਟ ‘ਚ ਖੁਲਾਸਾ ਹੋਇਆ ਹੈ ਕਿ ਪੰਜਾਬ ‘ਚ ਫੈਕਟਰੀਆਂ ਬੰਦ ਹੋ ਰਹੀਆਂ ਹਨ। ਲੁਧਿਆਣਾ ‘ਚ 2017-18 ‘65 ਫੈਕਟਰੀਆਂ ਬੰਦ ਹੋਈਆਂ ਜਦਕਿ ਪੂਰੇ ਸੂਬੇ ‘ਚ ਕਰੀਬ 2000 ਫੈਕਟਰੀਆਂ ਬੰਦ ਹੋਣ ਦਾ ਖਦਸ਼ਾ ਹੈ। ਸੂਬੇ ‘ਚ ਬੰਦ ਹੋ ਰਹੀਆਂ ਫੈਕਟਰੀਆਂ ਦਾ ਜਵਾਬ ਵੀ ਪਾਰਟੀ ਨੇ ਸਰਕਾਰ ਤੋਂ ਮੰਗਿਆ ਹੈ। ਇਸ ਦੇ ਨਾਲ ਹੀ ‘ਆਪ’ ਸੂਬੇ ‘ਚ ਸਰਕਾਰ ਖਿਲਾਫ ਮੋਰਚਾ ਖੋਲ੍ਹਣ ਦੀ ਯੋਜਨਾ ਕਰ ਰਹੀ ਹੈ।

ਦੱਸ ਦੀਏ ਕਿ ਹਾਲ ਹੀ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੰਵੈਸਟਮੈਂਟ ਲਈ ਵਿਦੇਸ਼ ਦੌਰੇ ‘ਤੇ ਗਏ ਹਨ ਜਿਸ ‘ਤੇ ਆਮ ਆਦਮੀ ਪਾਰਟੀ ਨੇ ਸਵਾਲ ਖੜ੍ਹੇ ਕੀਤੇ ਹਨ।