ਚੰਡੀਗੜ੍ਹ: ਕਰਤਾਪੁਰ ਲਾਂਘੇ ਰਾਹੀਂ ਜਾਣ ਵਾਲੇ ਲੋੜਵੰਦ ਸ਼ਰਧਾਲੂਆਂ ਦੀ 20 ਡਾਲਰ ਫੀਸ ਦਾ ਖਰਚਾ ਚੁੱਕਣ ਲਈ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੇ ਸਿੰਗ ਫਸਾਏ ਹੋਏ ਹਨ ਪਰ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸਪੀ ਸਿੰਘ ਓਬਰਾਏ ਨੇ ਇਹ ਸੇਵਾ ਆਪਣੇ ਜ਼ਿੰਮੇ ਲੈਣ ਦਾ ਐਲਾਨ ਕੀਤਾ ਹੈ।
ਉਨ੍ਹਾਂ ਨੇ ਦੋ ਪੜਾਵਾਂ ਤਹਿਤ 550-550 ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖਰਚ ’ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ ਕਰਵਾਉਣ ਦਾ ਐਲਾਨ ਕੀਤਾ ਹੈ। ਡਾ. ਓਬਰਾਏ ਨੇ ਦੱਸਿਆ ਕਿ ਲਾਂਘਾ ਖੁੱਲ੍ਹਣ ਮਗਰੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਸੰਗਤ ਦੇ ਮਨਾਂ ਅੰਦਰ ਅਥਾਹ ਚਾਅ ਤੇ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਹਰੇਕ ਸ਼ਰਧਾਲੂ ਇਸ ਯਾਤਰਾ ’ਤੇ ਆਉਣ ਵਾਲਾ ਖਰਚ ਨਾ ਚੁੱਕ ਸਕੇ।
ਉਨ੍ਹਾਂ ਦੀ ਇੱਛਾ ਹੈ ਕਿ ਵੱਧ ਤੋਂ ਵੱਧ ਸ਼ਰਧਾਲੂ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾ ਸਕਣ ਜਿਸ ਕਰਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਫ਼ੈਸਲੇ ਅਨੁਸਾਰ ਪਹਿਲੇ ਪੜਾਅ ਤਹਿਤ 1 ਦਸੰਬਰ 2019 ਤੋਂ ਲੈ ਕੇ 31 ਮਈ 2020 ਤੱਕ 550 ਜਦ ਕਿ ਦੂਜੇ ਪੜਾਅ ’ਚ 1 ਜੂਨ ਤੋਂ ਲੈ ਕੇ 30 ਨਵੰਬਰ ਤੱਕ ਵੀ 550 ਲੋੜਵੰਦ ਸ਼ਰਧਾਲੂਆਂ ਨੂੰ ਆਪਣੇ ਖਰਚੇ ’ਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਵਾਏ ਜਾਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਰਾਹੀਂ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਨੂੰ ਮਹੀਨੇ ਦੇ ਦੂਜੇ ਤੇ ਚੌਥੇ ਹਫ਼ਤੇ ਤੈਅ ਕੀਤੇ ਜਾਣ ਵਾਲੇ ਦਿਨ 50-50 ਸ਼ਰਧਾਲੂ ਜਥੇ ਦੇ ਰੂਪ ਵਿੱਚ ਦਰਸ਼ਨ ਕਰਨ ਲਈ ਸ੍ਰੀ ਕਰਤਾਰਪੁਰ ਸਾਹਿਬ ਭੇਜਿਆ ਜਾਵੇਗਾ ਤੇ ਇਸ ਕੰਮ ਲਈ ਵਿਸ਼ੇਸ਼ ਫਾਰਮ ਤਿਆਰ ਕੀਤਾ ਗਿਆ ਹੈ ਜੋ ਟਰੱਸਟ ਦੇ ਸਾਰੇ ਜ਼ਿਲ੍ਹਾ ਦਫ਼ਤਰਾਂ ’ਚ ਉਪਲੱਬਧ ਹੋਵੇਗਾ।
ਫ਼ਾਰਮ ’ਚ ਯਾਤਰਾ ਕਰਨ ਵਾਲੇ ਦੀ ਲੋੜੀਂਦੀ ਸਮੁੱਚੀ ਜਾਣਕਾਰੀ ਦਰਜ ਕੀਤੀ ਜਾਵੇਗੀ ਤੇ ਟਰੱਸਟ ਵੱਲੋਂ ਇਸ ਕਾਰਜ ਲਈ ਆਪਣੇ ਵਾਲੰਟੀਅਰਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਇਸ ਵਾਸਤੇ ਸਬੰਧਤ ਸ਼ਰਧਾਲੂ ਕੋਲੋਂ ਕੇਵਲ ਜ਼ਰੂਰੀ ਲੋੜੀਂਦੇ ਦਸਤਾਵੇਜ਼ ਹੀ ਲਏ ਜਾਣਗੇ ਤਾਂ ਜੋ ਟਰੱਸਟ ਦੀ ਇਸ ਸੇਵਾ ਦਾ ਲਾਭ ਲੈਣ ਵਾਲੇ ਸ਼ਰਧਾਲੂਆਂ ਨੂੰ ਕੋਈ ਮੁਸ਼ਕਲ ਨਾ ਆਵੇ।
ਟਰੱਸਟ ਰਾਹੀਂ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂ ਨੂੰ ਆਪਣੇ ਬੈਂਕ ਖਾਤੇ ਦੀ ਤਾਜ਼ਾ ਸਟੇਟਮੈਂਟ ਤੋਂ ਇਲਾਵਾ ਆਮਦਨ ਦਾ ਸਵੈ-ਤਸਦੀਕ ਸਰਟੀਫਿਕੇਟ ਵੀ ਦੇਣਾ ਪਵੇਗਾ ਤਾਂ ਜੋ ਲੋੜਵੰਦ ਸ਼ਰਧਾਲੂ ਹੀ ਇਸ ਸੇਵਾ ਦਾ ਲਾਭ ਲੈ ਸਕਣ। ਡਾ. ਓਬਰਾਏ ਅਨੁਸਾਰ ਚੁਣੇ ਗਏ ਸ਼ਰਧਾਲੂਆਂ ਦੀ ਹੀ ਟਰੱਸਟ ਵੱਲੋਂ ਆਨਲਾਈਨ ਰਜਿਸਟ੍ਰੇਸ਼ਨ ਅਪਲਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੋੜਵੰਦ ਸ਼ਰਧਾਲੂਆਂ ਦਾ ਉਨ੍ਹਾਂ ਦਾ ਘਰ ਤੋਂ ਲੈ ਕੇ ਡੇਰਾ ਬਾਬਾ ਨਾਨਕ ਲਾਂਘੇ ਤੱਕ ਦਾ ਕਿਰਾਇਆ ਵੀ ਟਰੱਸਟ ਵੱਲੋਂ ਹੀ ਖਰਚਿਆ ਜਾਵੇਗਾ।
ਕੈਪਟਨ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੀ ਲੜਾਈ 'ਚ ਪਰਵਾਸੀ ਕਾਰੋਬਾਰੀ ਦਾ ਵੱਡਾ ਐਲਾਨ
ਏਬੀਪੀ ਸਾਂਝਾ
Updated at:
15 Nov 2019 01:30 PM (IST)
ਕਰਤਾਪੁਰ ਲਾਂਘੇ ਰਾਹੀਂ ਜਾਣ ਵਾਲੇ ਲੋੜਵੰਦ ਸ਼ਰਧਾਲੂਆਂ ਦੀ 20 ਡਾਲਰ ਫੀਸ ਦਾ ਖਰਚਾ ਚੁੱਕਣ ਲਈ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਨੇ ਸਿੰਗ ਫਸਾਏ ਹੋਏ ਹਨ ਪਰ ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸਪੀ ਸਿੰਘ ਓਬਰਾਏ ਨੇ ਇਹ ਸੇਵਾ ਆਪਣੇ ਜ਼ਿੰਮੇ ਲੈਣ ਦਾ ਐਲਾਨ ਕੀਤਾ ਹੈ।
- - - - - - - - - Advertisement - - - - - - - - -