CM Bhagwant Mann: ਆਮ ਆਦਮੀ ਪਾਰਟੀ ਪੰਜਾਬ ਵਿੱਚ ਬਿਜਲੀ ਦੇ ਜ਼ੀਰੋ ਬਿੱਲਾਂ ਨੂੰ ਹਰਿਆਣਾ ਵਿੱਚ ਹਥਿਆਰ ਬਣਾਉਣ ਜਾ ਰਹੀ ਹੈ। ਸੀਐਮ ਭਗਵੰਤ ਮਾਨ ਇੱਕ ਲੱਖ ਦੇ ਕਰੀਬ ਬਿਜਲੀ ਬਿੱਲ ਲੈ ਕੇ ਹਰਿਆਣਾ ਪਹੁੰਚ ਗਏ। ਉਨ੍ਹਾਂ ਨੇ ਬਿੱਲ ਵਿਖਾ ਕੇ ਕਿਹਾ ਕਿ 90 ਫੀਸਦੀ ਪੰਜਾਬੀਆਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ। ਜੇਕਰ ਹਰਿਆਣਾ ਵਿੱਚ ਸਾਰੀ ਸਰਕਾਰ ਬਣੀ ਤਾਂ ਇੱਥੇ ਵੀ ਮੁਫਤ ਬਿਜਲੀ ਦਿੱਤੀ ਜਾਏਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ...90 ਫੀਸਦੀ ਪੰਜਾਬੀਆਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ...ਇਹ ਤੁਹਾਡੇ ਸਾਹਮਣੇ ਇੱਕ ਲੱਖ ਬਿੱਲ ਪਏ ਨੇ...ਇਸ ਤਰ੍ਹਾਂ ਕੋਈ ਸਰਕਾਰ ਦਿਖਾ ਸਕਦੀ ਹੈ? ਉਨ੍ਹਾਂ ਨੇ ਕਿਹਾ ਕਿ ਹੁਣ ਫ਼ੈਸਲਾ ਤੁਸੀਂ ਕਰਨਾ ਹੈ...ਤੁਹਾਨੂੰ ਧਰਮ, ਜਾਤੀ ਜਾਂ ਨਫ਼ਰਤ 'ਤੇ ਰਾਜਨੀਤੀ ਕਰਨ ਵਾਲੀ ਸਰਕਾਰ ਚਾਹੀਦੀ ਹੈ ਜਾਂ ਇਮਾਨਦਾਰ ਤੇ ਲੋਕ ਪੱਖੀ ਫ਼ੈਸਲੇ ਲੈਣ ਵਾਲੀ ਸਰਕਾਰ...
ਉਨ੍ਹਾਂ ਕਿਹਾ ਕਿ ‘ਆਪ’ ਦੇ ਰਾਜ ਵਿੱਚ ਪਹਿਲਾਂ ਦਿੱਲੀ ਤੇ ਫਿਰ ਪੰਜਾਬ ਵਿੱਚ ਲੱਖਾਂ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਆ ਰਹੇ ਹਨ। ਮਾਨ ਨੇ ਕਿਹਾ ਕਿ ‘ਆਪ’ ਨੇ ਚੋਣਾਂ ਵਿੱਚ 300 ਯੂਨਿਟ ਮੁਫ਼ਤ ਬਿਜਲੀ ਦੀ ਗਰੰਟੀ ਦਿੱਤੀ ਸੀ ਤੇ ਸਰਕਾਰ ਬਣਦੇ ਹੀ ਪੰਜਾਬ ਵਿੱਚ ਲੋਕਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਵਿੱਚ ਦਿੱਤੀ ਜਾ ਰਹੀ ਹੈ। ਪੰਜਾਬ ਵਿੱਚ 50 ਲੱਖ ਲੋਕਾਂ ਦੇ ਬਿਜਲੀ ਬਿੱਲ ਮੁਆਫ ਕੀਤੇ ਗਏ। ਉਨ੍ਹਾਂ ਕਿਹਾ ਕਿ ਜੇ ਪੰਜਾਬ ਤੇ ਦਿੱਲੀ ਦੇ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਆਉਂਦੇ ਹਨ ਤਾਂ ਹਰਿਆਣਾ ਦੇ ਲੋਕਾਂ ਦਾ ਕੀ ਕਸੂਰ ਹੈ। ‘ਆਪ’ ਦੇ ਸੱਤਾ ਵਿੱਚ ਆਉਣ ’ਤੇ ਹਰਿਆਣਵੀਆਂ ਨੂੰ ਵੀ ਇਹ ਸਹੂਲਤਾਂ ਦਿੱਤੀਆਂ ਜਾਣਗੀਆਂ।
ਦੱਸ ਦਈਏ ਕਿ ਐਤਵਾਰ ਨੂੰ ਹਰਿਆਣਾ ਦੇ ਜੀਂਦ ਵਿੱਚ ਆਮ ਆਦਮੀ ਪਾਰਟੀ ਦੀ ‘ਬਦਲਾਅ ਰੈਲੀ’ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰਿਆਣਾ ਦੀਆਂ ਸਾਰੀਆਂ 90 ਵਿਧਾਨ ਸਭਾ ਸੀਟਾਂ ’ਤੇ ਆਪਣੇ ਦਮ ’ਤੇ ਚੋਣ ਲੜੇਗੀ ਪਰ ਲੋਕ ਸਭਾ ਚੋਣ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨਾਲ ਰਲ ਕੇ ਲੜੀ ਜਾਵੇਗੀ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸਿਰਫ ਆਮ ਆਦਮੀ ਪਾਰਟੀ ’ਤੇ ਭਰੋਸਾ ਹੈ। ਹਰਿਆਣਾ ਦੇ ਲੋਕ ਭਾਜਪਾ-ਜਜਪਾ ਸਰਕਾਰ ਤੋਂ ਬਹੁਤ ਦੁਖੀ ਹਨ। ਉਹ ਹੁਣ ਬਦਲਾਅ ਚਾਹੁੰਦੇ ਹਨ। ਦਿੱਲੀ ਤੇ ਪੰਜਾਬ ਦੇ ਲੋਕ ‘ਆਪ’ ਨੂੰ ਸੱਤਾ ਵਿੱਚ ਲਿਆ ਕੇ ਬਹੁਤ ਖ਼ੁਸ਼ ਹਨ। ‘ਆਪ’ ਦੀ ਸਰਕਾਰ ਆਉਣ ’ਤੇ ਹਰਿਆਣਾ ਵਿੱਚ ਵੀ ਇਸੇ ਤਰਜ਼ ’ਤੇ ਸਹੂਲਤਾਂ ਦਿੱਤੀਆਂ ਜਾਣਗੀਆਂ।
ਉਨ੍ਹਾਂ ਕਿਹਾ, ‘‘ਆਮ ਆਦਮੀ ਪਾਰਟੀ ਹਰਿਆਣਾ ਦੀਆਂ ਸਾਰੀਆਂ 90 ਸੀਟਾਂ ’ਤੇ ਚੋਣ ਲੜ ਕੇ ਸਰਕਾਰ ਬਣਾਏਗੀ। ਹਰਿਆਣਾ ਨੂੰ ਦੇਸ਼ ਦਾ ਨੰਬਰ ਇੱਕ ਸੂਬਾ ਬਣਾਇਆ ਜਾਵੇਗਾ।’’ ਉਨ੍ਹਾਂ ਕਿਹਾ ਕਿ ਸੂਬੇ ਨੂੰ ਸਹੂਲਤਾਂ ਨਾਲ ਲੈਸ ਕੀਤਾ ਜਾਵੇਗਾ। ਕਿਸੇ ਵਰਗ ਨੂੰ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ‘‘ਮੈਂ ਅਤਿਵਾਦੀ ਨਹੀਂ, ਮਹਿੰਗਾਈ ਵਧਾਉਣ ਵਾਲੇ ਅਤਿਵਾਦੀ ਹਨ। ਅੱਜ ਮਹਿੰਗਾਈ ਹੀ ਸਭ ਤੋਂ ਵੱਡਾ ਅਤਿਵਾਦ ਹੈ।’’