ਚੰਡੀਗੜ੍ਹ: ਆਮ ਆਦਮੀ ਪਾਰਟੀ ਨੇ 14 ਦਸੰਬਰ ਨੂੰ ਪੰਜਾਬ ਭਰ 'ਚ ਜ਼ਿਲ੍ਹਾ ਪੱਧਰ ਉੱਤੇ ਹੈਡਕੁਆਰਟਰਾਂ ਉਤੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਘਿਰਾਓ ਦੇ ਸਮਰਥਨ ਦਾ ਐਲਾਨ ਕੀਤਾ ਹੈ। ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਮੋਦੀ ਸਰਕਾਰ ਤੇ ਦੋਸ਼ ਲਾਉਂਦੇ ਹੋਏ ਕਿਹਾ, "ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਦੁਨੀਆ ਵਿੱਚੋਂ ਸਭ ਤੋਂ ਮਜ਼ਬੂਤ ਲੋਕਤੰਤਰ ਦੇਸ਼ ਨੂੰ ਇੱਕ ਤਾਨਾਸ਼ਾਹੀ ਦੇਸ਼ ਬਣਾਉਣ ਦੀਆਂ ਨੀਤੀਆਂ ਉੱਤੇ ਚੱਲ ਰਹੀ ਹੈ।"


ਮਾਨ ਨੇ ਕਿਹਾ "ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ, ਵਪਾਰੀਆਂ, ਆੜ੍ਹਤੀਏ, ਮਜ਼ਦੂਰਾਂ ਨੂੰ ਕੁਚਲਨ ਦੇ ਮਨਸੂਬੇ ਨਾਲ ਲਿਆਂਦੇ ਗਏ ਨਵੇਂ ਖੇਤੀ ਕਾਲੇ ਕਾਨੂੰਨਾਂ ਤੇ ਦਮਨਕਾਰੀ ਨੀਤੀ ਖ਼ਿਲਾਫ਼ 'ਆਪ' ਕਿਸਾਨਾਂ ਦਾ 14 ਦਸੰਬਰ ਨੂੰ ਸਮਰਥਨ ਕਰੇਗਾ।"

ਉਨ੍ਹਾਂ ਕਿਹਾ ਕਿ "ਆਪਣੇ ਚਹੇਤੇ ਕਾਰਪੋਰੇਟ ਘਰਾਣਿਆਂ ਲਈ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਖ਼ਿਲਾਫ਼ ਦੇਸ਼ ਦਾ ਕਿਸਾਨ, ਵਪਾਰੀ, ਆੜਤੀਆ ਤੇ ਮਜ਼ਦੂਰ ਸੜਕਾਂ ਉੱਤੇ ਉੱਤਰੇ ਹੋਏ ਹਨ, ਦੂਜੇ ਪਾਸੇ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਝੂਠੇ ਪ੍ਰਚਾਰ ਤੇ ਦਮਨਕਾਰੀ ਨੀਤੀ ਨਾਲ ਅੰਦੋਲਨ ਨੂੰ ਖ਼ਤਮ ਕਰਾਉਣਾ ਚਾਹੁੰਦੀ ਹੈ।"