ਹੁਸ਼ਿਆਰਪੁਰ: ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਹੈ ਕਿ ਜੇਕਰ ਪੰਜਾਬ ਵਿੱਚ ਹੁਣ ਬਿਜਲੀ ਦੇ ਰੇਟ ਵਧੇ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਅਜਿਹਾ ਕਰਦੀ ਹੈ ਤਾਂ ਉਹ ਮੁੱਖ ਮੰਤਰੀ ਦੇ ਜੱਦੀ ਸ਼ਹਿਰ ਪਟਿਆਲਾ ਤੋਂ ਜ਼ਬਰਦਸਤ ਸੰਘਰਸ਼ ਵਿੱਢਣਗੇ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ 'ਆਪ' ਵੱਲੋਂ ਸ਼ੁਰੂ ਕੀਤੇ ਬਿਜਲੀ ਅੰਦੋਲਨ ਨੂੰ ਲੋਕਾਂ ਦਾ ਹੁੰਗਾਰਾ ਮਿਲਿਆ ਸੀ ਅਤੇ ਹੁਣ ਮਾਨ ਨੇ ਫਿਰ ਤੋਂ ਕੈਪਟਨ ਨੂੰ ਚੇਤਾਵਨੀ ਦਿੱਤੀ ਹੈ।
ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਬੇਹੱਦ ਖ਼ਰਾਬ ਪ੍ਰਦਰਸ਼ਨ ਕਾਰਨ ਭਗਵੰਤ ਮਾਨ ਨੇ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਸੱਦੀ ਸੀ। ਸ਼ਨੀਵਾਰ ਸ਼ਾਮ ਨੂੰ ਗੜ੍ਹਸ਼ੰਕਰ ਵਿੱਚ ਸੱਦੀ ਗਈ ਇਸ ਬੈਠਕ ਵਿੱਚ ਪਾਰਟੀ ਦੇ ਅੱਧੀ ਦਰਜਨ ਵਿਧਾਇਕਾਂ ਨੇ ਹਿੱਸਾ ਲਿਆ। ਇਸ ਮਗਰੋਂ ਮਾਨ ਨੇ ਕਿਹਾ ਕਿ ਸੰਸਦ ਵਿੱਚ ਇਹੋ ਸ਼ੇਰ (ਉਹ ਖ਼ੁਦ) ਬੋਲਦਾ ਹੈ, ਜਦਕਿ ਅਕਾਲੀ-ਭਾਜਪਾ ਆਪਸ ਵਿੱਚ ਹੀ ਲੜ ਰਹੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਪਹੁੰਚ ਕੇ ਆਪਣੇ ਸਿਆਸੀ ਵਿਰੋਧੀ ਪ੍ਰੇਮ ਸਿੰਘ ਚੰਦੂਮਾਜਰਾ ਦੀ ਹਿੰਦੀ ਦੀ ਯਾਦ ਜ਼ਰੂਰ ਆਵੇਗੀ।
ਉਨ੍ਹਾਂ ਕਿਹਾ ਕਿ ਦੋਵਾਂ ਵਿੱਚੋਂ ਕੋਈ ਵੀ ਪੰਜਾਬ ਦੇ ਮੁੱਦਿਆਂ ਦੀ ਗੱਲ ਨਹੀਂ ਕਰਦਾ। ਮਾਨ ਨੇ ਕਿਹਾ ਕਿ ਅਕਾਲੀ ਤੇ ਭਾਜਪਾ ਪੰਜਾਬ ਵਿੱਚ ਸਿਰਫ ਦੋ-ਦੋ ਸੀਟਾਂ 'ਤੇ ਤਾਂ ਆ ਗਏ ਹਨ, ਹੁਣ ਦੇਖਣਾ ਹੋਵੇਗਾ ਕਿ ਦੋਵਾਂ ਵਿੱਚੋਂ ਪਹਿਲਾਂ ਸਿਫਰ 'ਤੇ ਕਿਹੜਾ ਆਉਂਦਾ ਹੈ। ਮਾਨ ਨੇ ਇੱਥੇ ਫਿਰ ਦੁਹਰਾਇਆ ਕਿ ਸਾਲ 2022 ਵਿੱਚ ਸਰਕਾਰ ਬਣਾਉਣਾ ਉਨ੍ਹਾਂ ਦਾ ਪਹਿਲਾ ਟੀਚਾ ਹੈ, ਜਿਸ ਦਾ ਭੂਮੀ ਪੂਜਨ ਉਨ੍ਹਾਂ ਨੇ ਕਰ ਦਿੱਤਾ ਹੈ ਅਤੇ ਹੁਣ ਪਾਰਟੀ ਨੂੰ ਮਜ਼ਬੂਤ ਕਰਨਾ ਹੈ।
ਬਿਜਲੀ ਦੇ ਰੇਟ ਵਧਾਉਣ ਦੇ ਐਲਾਨ 'ਤੇ 'ਆਪ' ਨੇ ਦਿੱਤੀ ਕੈਪਟਨ ਨੂੰ ਚੇਤਾਵਨੀ
ਏਬੀਪੀ ਸਾਂਝਾ
Updated at:
26 May 2019 09:14 AM (IST)
ਲੋਕ ਸਭਾ ਚੋਣਾਂ ਤੋਂ ਪਹਿਲਾਂ 'ਆਪ' ਵੱਲੋਂ ਸ਼ੁਰੂ ਕੀਤੇ ਬਿਜਲੀ ਅੰਦੋਲਨ ਨੂੰ ਲੋਕਾਂ ਦਾ ਹੁੰਗਾਰਾ ਮਿਲਿਆ ਸੀ ਅਤੇ ਹੁਣ ਮਾਨ ਨੇ ਫਿਰ ਤੋਂ ਕੈਪਟਨ ਨੂੰ ਚੇਤਾਵਨੀ ਦਿੱਤੀ ਹੈ।
- - - - - - - - - Advertisement - - - - - - - - -