'ਆਪ' ਦਾ ਅੰਦਰੂਨੀ ਕਲੇਸ਼ ਵਧਿਆ
ਏਬੀਪੀ ਸਾਂਝਾ | 28 Aug 2016 06:53 AM (IST)
ਗੁਰਦਾਸਪੁਰ: ਆਮ ਆਦਮੀ ਪਾਰਟੀ ਵਿੱਚ ਵਿਰੋਧ ਦਾ ਦੌਰ ਲਗਾਤਾਰ ਵਧਦਾ ਜਾ ਰਿਹਾ ਹੈ। ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਦੀ ਕਨਵੀਨਰਸ਼ਿਪ ਤੋਂ ਹਟਾਉਣ ਮਗਰੋਂ ਇਹ ਵਿਰੋਧ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਸ਼ਨੀਵਾਰ ਨੂੰ ਗੁਰਦਾਸਪੁਰ ਦੇ ਹੋਟਲ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਇਕਾਈ ਦੇ ਪ੍ਰਧਾਨ ਤੇ ਗੁਰਦਾਸਪੁਰ ਦੇ ਪਾਰਟੀ ਆਬਜ਼ਰਵਰ ਅੰਕੁਸ਼ ਨਾਰੰਗ ਮੀਟਿੰਗ ਕਰ ਰਹੇ ਸਨ ਜਿਸ ਵਿੱਚ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਸ਼ਾਮਪੁਰ, ਹਲਕਾ ਡੇਰਾ ਬਾਬਾ ਨਾਨਕ ਤੋਂ ਪਾਰਟੀ ਦੇ ਇੰਚਾਰਜ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਤੇ ਹੋਰ ਵਰਕਰ ਸ਼ਾਮਲ ਸਨ। ਮੀਟਿੰਗ ਦੌਰਾਨ ਸੁੱਚਾ ਸਿੰਘ ਛੋਟੇਪੁਰ ਦੇ ਕਰੀਬੀ ਮੰਨੇ ਜਾਂਦੇ ਅਮਨਦੀਪ ਸਿੰਘ ਗਿੱਲ ਨੇ ਆਪਣੇ ਸਾਥੀਆਂ ਨਾਲ ਉਥੇ ਪਹੁੰਚ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿੱਥੇ ਮੀਟਿੰਗ ਚੱਲ ਰਹੀ ਸੀ, ਉਸ ਹਾਲ ਦੇ ਬਾਹਰ ਪਾਰਟੀ ਵਿਰੋਧੀ ਨਾਅਰੇਬਾਜ਼ੀ ਹੋਈ। ਗਿੱਲ ਨੇ ਕਿਹਾ ਸੁੱਚਾ ਸਿੰਘ ਛੋਟੇਪੁਰ ਨੇ ਪੰਜਾਬ ਵਿੱਚ ਪਾਰਟੀ ਲਈ ਪਸੀਨਾ ਵਹਾਇਆ ਹੈ ਪਰ ਹੁਣ ਪਾਰਟੀ ਆਪਣੇ ਲੀਡਰਾਂ ਨੂੰ ਦਰਕਿਨਾਰ ਕਰ ਰਹੀ ਹੈ। ਦੂਜੇ ਪਾਸੇ ਅੰਦਰ ਮੀਟਿੰਗ ਕਰ ਰਹੇ ਪਾਰਟੀ ਦੇ ਯੂਥ ਦੇ ਰਾਸ਼ਟਰੀ ਪ੍ਰਧਾਨ ਅੰਕੁਸ਼ ਨਾਰੰਗ ਦਾ ਕਹਿਣਾ ਹੈ ਕਿ ਪਾਰਟੀ ਵਿੱਚ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਮਾਫ ਨਹੀਂ ਕੀਤਾ ਜਾਵੇਗਾ ਜੋ ਵੀ ਭ੍ਰਿਸ਼ਟਾਚਾਰ ਕਰੇਗਾ, ਉਸ ਦਾ ਇਹ ਹੀ ਹਾਲ ਹੋਵੇਗਾ।