ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਸੰਜੇ ਸਿੰਘ ਤੇ ਸਹਿ ਇੰਚਾਰਜ ਦੁਰਗੇਸ਼ ਪਾਠਕ ਨੇ ਦਿੱਲੀ ਦੇ ਵਿਧਾਇਕ ਦਵਿੰਦਰ ਸ਼ਰਾਵਤ, ਪਵਿੱਤਰ ਸਿੰਘ, ਹਰਦੀਪ ਸਿੰਘ ਕਿੰਗਰਾ ਤੇ ਉਨ੍ਹਾਂ ਦੀ ਪਤਨੀ ਖਿਲਾਫ ਮਾਣਹਾਨੀ ਦੀ ਮੁਕੱਦਮਾ ਕੀਤਾ ਹੈ। ਸ਼ਰਾਵਤ ਨੇ ਦੋਵਾਂ ਲੀਡਰਾਂ 'ਤੇ ਟਿਕਟਾਂ ਬਦਲੇ ਔਰਤਾਂ ਦੇ ਸੋਸ਼ਣ ਦਾ ਇਲਜ਼ਾਮ ਲਾਇਆ ਸੀ ਜਦੋਂਕਿ ਕਿੰਗਰਾ ਉਨ੍ਹਾਂ ਦੀ ਪਤਨੀ ਤੇ ਪਵਿੱਤਰ ਸਿੰਘ ਨੇ ਟਿਕਟਾਂ ਵੇਚਣ ਦਾ ਇਲਜ਼ਾਮ ਲਾਇਆ ਸੀ।
ਸੰਜੇ ਸਿੰਘ ਤੇ ਪਾਠਕ ਨੇ ਅੱਜ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਕੇਸ ਦਾਇਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੀਆਂ ਧੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਬੀਜੇਪੀ ਗੰਦੀ ਰਾਜਨੀਤੀ 'ਤੇ ਉੱਤਰ ਆਏ ਹਨ। ਉਨ੍ਹਾਂ ਕਿਹਾ ਕਿ ਬੇਬੁਨਿਆਦ ਇਲਜ਼ਾਮ ਲਾ ਕੇ ਪੰਜਾਬ ਦੀਆਂ ਧੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਘੜੀ ਗਈ ਹੈ।
ਇਸ ਮੌਕੇ ਸੰਜੇ ਸਿੰਘ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਕੇਜਰੀਵਾਲਾ 'ਤੇ ਲਾਏ ਇਲਜ਼ਾਮਾਂ ਨੂੰ ਖਾਰਜ ਕੀਤਾ। ਉਨ੍ਹਾਂ ਕਿਹਾ ਕਿ ਸਿੱਧੂ ਦੇ ਬਿਆਨ ਗੁੰਮਰਾਹ ਕਰਨ ਵਾਲੇ ਹਨ। ਉਨ੍ਹਾਂ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ। ਸੰਜੇ ਸਿੰਘ ਨੇ ਕਿਹਾ ਕਿ ਉਹ ਸਿੱਧੂ ਨੂੰ ਸਜਾਵਟੀ ਸਾਮਾਨ ਨਹੀਂ ਬਣਾਉਣਾ ਚਾਹੁੰਦੇ ਸਨ। ਸਿੱਧੂ ਨੇ ਖੁਦ ਚੋਣ ਨਾ ਲੜਨ ਦੀ ਗੱਲ ਕਹੀ ਸੀ ਪਰ ਹੁਣ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।